WPL 2023 : ਮੁੰਬਈ ਦੀ ਸ਼ਾਨਦਾਰ ਜਿੱਤ, ਗੁਜਰਾਤ ਨੂੰ 55 ਦੌੜਾਂ ਨਾਲ ਦਿੱਤੀ ਮਾਤ

Tuesday, Mar 14, 2023 - 11:09 PM (IST)

WPL 2023 : ਮੁੰਬਈ ਦੀ ਸ਼ਾਨਦਾਰ ਜਿੱਤ, ਗੁਜਰਾਤ ਨੂੰ 55 ਦੌੜਾਂ ਨਾਲ ਦਿੱਤੀ ਮਾਤ

ਸਪੋਰਟਸ ਡੈਸਕ :  ਮੁੰਬਈ ਇੰਡੀਅਨਜ਼ ਨੇ ਮੰਗਲਵਾਰ ਨੂੰ ਮਹਿਲਾ ਪ੍ਰੀਮੀਅਰ ਲੀਗ 'ਚ ਗੁਜਰਾਤ ਜਾਇੰਟਸ ਨੂੰ 55 ਦੌੜਾਂ ਨਾਲ ਹਰਾਇਆ। ਇਸ ਮੈਚ 'ਚ ਗੁਜਰਾਤ ਨੇ ਟਾਸ ਜਿੱਤ ਕੇ ਮੁੰਬਈ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਨੇ 163 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦੇ ਜਵਾਬ 'ਚ ਗੁਜਰਾਤ ਦੀ ਟੀਮ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 107 ਦੌੜਾਂ ਹੀ ਬਣਾ ਸਕੀ। ਇਸ ਨਾਲ ਮੁੰਬਈ ਨੇ ਟੂਰਨਾਮੈਂਟ ਵਿੱਚ ਲਗਾਤਾਰ ਪੰਜਵੀਂ ਜਿੱਤ ਦਰਜ ਕੀਤੀ।

ਟੀਚੇ ਦਾ ਪਿੱਛਾ ਕਰਦਿਆਂ ਗੁਜਰਾਤ ਦਾ ਕੋਈ ਵੀ ਬੱਲੇਬਾਜ਼ ਮੁੰਬਈ ਦੀ ਗੇਂਦਬਾਜ਼ੀ ਦੇ ਸਾਹਮਣੇ ਟਿਕ ਨਹੀਂ ਸਕਿਆ। ਗੁਜਰਾਤ ਲਈ ਹਰਲੀਨ ਦਿਓਲ ਨੇ 23 ਗੇਂਦਾਂ ਵਿੱਚ 22 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ। ਉਸ ਤੋਂ ਇਲਾਵਾ ਕਪਤਾਨ ਸਨੇਹ ਰਾਣਾ ਨੇ 19 ਗੇਂਦਾਂ ਵਿੱਚ 20 ਦੌੜਾਂ ਬਣਾਈਆਂ। ਇਨ੍ਹਾਂ ਦੋ ਬੱਲੇਬਾਜ਼ਾਂ ਨੂੰ ਛੱਡ ਕੇ ਗੁਜਰਾਤ ਦਾ ਕੋਈ ਵੀ ਬੱਲੇਬਾਜ਼ 20 ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕਿਆ। ਮੁੰਬਈ ਲਈ ਨੈਟ ਸਾਇਵਰ ਬਰੰਟ ਅਤੇ ਹੇਲੀ ਮੈਥਿਊਜ਼ ਨੇ 3-3 ਵਿਕਟਾਂ ਲਈਆਂ।

ਇਸ ਤੋਂ ਪਹਿਲਾਂ ਮੁੰਬਈ ਨੇ ਕਪਤਾਨ ਹਰਮਨਪ੍ਰੀਤ ਕੌਰ ਦੇ ਅਰਧ ਸੈਂਕੜੇ ਦੀ ਬਦੌਲਤ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 162 ਦੌੜਾਂ ਬਣਾਈਆਂ। ਕਪਤਾਨ ਹਰਮਨਪ੍ਰੀਤ ਕੌਰ ਨੇ 30 ਗੇਂਦਾਂ ਵਿੱਚ 7 ​​ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 51 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਸਲਾਮੀ ਬੱਲੇਬਾਜ਼ ਹੇਲੀ ਮੈਥਿਊਜ਼ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ, ਜਦਕਿ ਦੂਜੇ ਪਾਸੇ ਯਸਤਿਕਾ ਭਾਟੀਆ ਨੇ 37 ਗੇਂਦਾਂ 'ਤੇ 44 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਨੈਟ ਸਾਇਵਰ ਬਰੰਟ ਨੇ 31 ਗੇਂਦਾਂ ਵਿੱਚ 36 ਦੌੜਾਂ ਬਣਾਈਆਂ। ਅਮੇਲੀਆ ਕੇਰ ਨੇ 13 ਗੇਂਦਾਂ 'ਚ 19 ਦੌੜਾਂ ਬਣਾਈਆਂ। ਇਸ ਤੋਂ ਬਾਅਦ ਅੰਤ 'ਚ ਕੋਈ ਵੀ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕਿਆ ਅਤੇ ਮੁੰਬਈ ਦੀ ਟੀਮ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 162 ਦੌੜਾਂ ਹੀ ਬਣਾ ਸਕੀ। ਗੁਜਰਾਤ ਵੱਲੋਂ ਐਸ਼ਲੇ ਗਾਰਡਨਰ ਨੇ ਸਭ ਤੋਂ ਵਧੀਆ ਤਿੰਨ ਵਿਕਟਾਂ ਲਈਆਂ।


author

Mandeep Singh

Content Editor

Related News