WPL 2023 : ਦਿੱਲੀ ਕੈਪੀਟਲਸ ਦੀ ਸ਼ਾਨਦਾਰ ਜਿੱਤ, ਯੂਪੀ ਨੂੰ 42 ਦੌੜਾਂ ਨਾਲ ਦਿੱਤੀ ਮਾਤ

Tuesday, Mar 07, 2023 - 11:12 PM (IST)

WPL 2023 : ਦਿੱਲੀ ਕੈਪੀਟਲਸ ਦੀ ਸ਼ਾਨਦਾਰ ਜਿੱਤ, ਯੂਪੀ ਨੂੰ 42 ਦੌੜਾਂ ਨਾਲ ਦਿੱਤੀ ਮਾਤ

ਸਪੋਰਟਸ ਡੈਸਕ :  ਦਿੱਲੀ ਕੈਪੀਟਲਸ ਨੇ ਮੰਗਲਵਾਰ ਨੂੰ ਮਹਿਲਾ ਪ੍ਰੀਮੀਅਰ ਲੀਗ ਦੇ ਮੈਚ 'ਚ ਯੂਪੀ ਵਾਰੀਅਰਜ਼ ਨੂੰ 42 ਦੌੜਾਂ ਨਾਲ ਹਰਾਇਆ। ਦਿੱਲੀ ਨੇ ਯੂਪੀ ਦੇ ਸਾਹਮਣੇ 212 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦੇ ਜਵਾਬ 'ਚ ਯੂਪੀ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 169 ਦੌੜਾਂ ਹੀ ਬਣਾ ਸਕੀ ਅਤੇ ਇਸ ਦੇ ਨਾਲ ਹੀ ਯੂਪੀ ਟੀਮ ਦੀ ਬੱਲੇਬਾਜ਼ ਟਾਹਲੀਆ ਮੈਕਗ੍ਰਾ ਦੀ ਅਜੇਤੂ 90 ਦੌੜਾਂ ਦੀ ਪਾਰੀ ਬੇਕਾਰ ਗਈ।

ਟੀਚੇ ਦਾ ਪਿੱਛਾ ਕਰਨ ਉਤਰੀ ਯੂਪੀ ਵਾਰੀਅਰਜ਼ ਦੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ। ਸ਼ਵੇਤਾ ਸਹਿਰਾਵਤ 1 ਜਦਕਿ ਕਿਰਨ ਨਵਗੀਰੇ 2 ਦੌੜਾਂ ਹੀ ਬਣਾ ਸਕੀ। ਕਪਤਾਨ ਐਲੀਸਾ ਹੀਲੀ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਉਹ ਵੀ 24 ਦੌੜਾਂ ਹੀ ਬਣਾ ਸਕੀ। ਧੁਰੰਧਰ ਆਲਰਾਊਂਡਰ ਦੀਪਤੀ ਸ਼ਰਮਾ ਨੇ 12 ਦੌੜਾਂ ਹੀ ਬਣਾਈਆਂ। ਟੀਮ ਦੀ ਕਮਰ ਟੁੱਟਣ ਦੇ ਬਾਵਜੂਦ ਟਾਹਲੀਆ ਮੈਕਗ੍ਰਾ ਨੇ ਹਿੰਮਤ ਨਹੀਂ ਹਾਰੀ ਅਤੇ ਸੰਘਰਸ਼ ਜਾਰੀ ਰੱਖਦਿਆਂ 50 ਗੇਂਦਾਂ 'ਤੇ 11 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ ਅਜੇਤੂ 90 ਦੌੜਾਂ ਬਣਾਈਆਂ। ਹੋਰ ਬੱਲੇਬਾਜ਼ਾਂ 'ਚ ਦੇਵਿਕਾ ਵੈਧਿਆ ਸਿਰਫ 23 ਦੌੜਾਂ ਤੇ ਸਿਮਰਨ ਸ਼ੇਖ ਨੇ ਨਾਬਾਦ 6 ਦੌੜਾਂ ਦੀ ਪਾਰੀ ਖੇਡੀ।

ਇਸ ਤੋਂ ਪਹਿਲਾਂ ਦਿੱਲੀ ਨੇ ਕਪਤਾਨ ਮੇਗ ਲੈਨਿੰਗ ਦੀਆਂ 42 ਗੇਂਦਾਂ 'ਚ 70 ਦੌੜਾਂ ਦੀ ਪਾਰੀ ਦੀ ਬਦੌਲਤ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 211 ਦੌੜਾਂ ਬਣਾਈਆਂ। ਦਿੱਲੀ ਨੇ ਧਮਾਕੇਦਾਰ ਸ਼ੁਰੂਆਤ ਕੀਤੀ ਅਤੇ ਟੀਮ ਨੇ 67 ਦੇ ਸਕੋਰ 'ਤੇ ਪਹਿਲਾ ਵਿਕਟ ਸ਼ੈਫਾਲੀ ਵਰਮਾ ਦੇ ਰੂਪ 'ਚ ਗੁਆ ਦਿੱਤਾ, ਉਹ 14 ਗੇਂਦਾਂ 'ਚ 17 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤੋਂ ਬਾਅਦ ਮਾਰਿਜਨ ਕਪ ਵੀ ਕੁਝ ਖਾਸ ਨਹੀਂ ਕਰ ਸਕੇ ਅਤੇ 12 ਗੇਂਦਾਂ 'ਚ 16 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਦਿੱਲੀ ਨੇ ਕਪਤਾਨ ਮੇਗ ਲੈਨਿੰਗ ਦੇ ਰੂਪ 'ਚ ਤੀਜਾ ਵਿਕਟ ਗਵਾਇਆ, ਐਲਿਸ ਕੇਪਸੀ 20 ਦੌੜਾਂ ਬਣਾ ਕੇ ਆਊਟ ਹੋ ਗਈ। ਹਾਲਾਂਕਿ, ਦਿੱਲੀ ਦੀਆਂ ਦੌੜਾਂ ਨਹੀਂ ਰੁਕੀਆਂ, ਜੇਮਿਮ ਰੌਡਰਿਗਜ਼ ਨੇ 22 ਵਿੱਚ ਨਾਬਾਦ 34 ਅਤੇ ਜੇਸ ਜੌਹਨਸਨ ਨੇ 20 ਵਿੱਚ ਨਾਬਾਦ 42 ਦੌੜਾਂ ਬਣਾ ਕੇ ਖੇਡ ਸਕੋਰ ਨੂੰ 20 ਓਵਰਾਂ ਵਿੱਚ 4 ਵਿਕਟਾਂ 'ਤੇ 211 ਦੌੜਾਂ ਤੱਕ ਪਹੁੰਚਾਇਆ।


author

Mandeep Singh

Content Editor

Related News