ਵਿਸ਼ਵ ਤੈਰਾਕੀ ਚੈਂਪੀਅਨਸ਼ਿਪ : ਸਾਜਨ ਪ੍ਰਕਾਸ਼ 25ਵੇਂ ਸਥਾਨ ''ਤੇ ਰਹੇ, ਸੈਮੀਫਾਈਨਲ ''ਚ ਜਗ੍ਹਾ ਬਣਾਉਣ ਤੋਂ ਖੁੰਝੇ
Tuesday, Jun 21, 2022 - 02:23 PM (IST)
ਸਪੋਰਟਸ ਡੈਸਕ- ਦਿੱਗਜ ਭਾਰਤੀ ਤੈਰਾਕ ਸਾਜਨ ਪ੍ਰਕਾਸ਼ ਹੰਗਰੀ ਦੇ ਬੁਡਾਪੇਸਟ 'ਚ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਦੇ ਮਰਦ 200 ਮੀਟਰ ਬਟਰਫਲਾਈ ਮੁਕਾਬਲੇ ਵਿਚ 25ਵੇਂ ਸਥਾਨ 'ਤੇ ਰਹੇ ਤੇ ਸੈਮੀਫਾਈਨਲ 'ਚ ਥਾਂ ਨਹੀਂ ਬਣਾ ਸਕੇ। ਭਾਰਤ ਦੇ 28 ਸਾਲ ਦੇ ਤੈਰਾਕ ਸਾਜਨ ਇਕ ਮਿੰਟ 58.67 ਸਕਿੰਟ ਦੇ ਸਮੇਂ ਨਾਲ ਆਪਣੀ ਹੀਟ ਵਿਚ ਅੱਠਵੇਂ ਸਥਾਨ 'ਤੇ ਰਹੇ।
ਉਨ੍ਹਾਂ ਦੀ ਹੀਟ ਦੇ ਸਿਖਰਲੇ ਪੰਜ ਤੈਰਾਕਾਂ ਨੇ ਸੈਮੀਫਾਈਨਲ 'ਚ ਥਾਂ ਬਣਾਈ। ਮੋਢੇ ਦੀ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਦੋ ਵਾਰ ਦੇ ਓਲੰਪੀਅਨ ਸਾਜਨ ਓਵਰਆਲ ਸੂਚੀ ਵਿਚ 25ਵੇਂ ਸਥਾਨ 'ਤੇ ਰਹੇ। ਇਸ ਮੁਕਾਬਲੇ ਵਿਚ ਸਾਜਨ ਦਾ ਨਿੱਜੀ ਸਰਬੋਤਮ ਪ੍ਰਦਰਸ਼ਨ ਇਕ ਮਿੰਟ 56.48 ਸਕਿੰਟ ਹੈ। ਉਨ੍ਹਾਂ ਨੇ ਪਿਛਲੇ ਸਾਲ ਆਪਣਾ ਨਿੱਜੀ ਸਰਬੋਤਮ ਪ੍ਰਦਰਸ਼ਨ ਕਰਦੇ ਹੋਏ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ।
ਮਰਦ 800 ਮੀਟਰ ਫ੍ਰੀ ਸਟਾਈਲ ਵਿਚ ਦਿੱਲੀ ਦੇ ਤੈਰਾਕ ਕੁਸ਼ਾਗਰ ਰਾਵਤ 23ਵੇਂ ਸਥਾਨ 'ਤੇ ਰਹੇ। 22 ਸਾਲ ਦੇ ਕੁਸ਼ਾਗਰ ਨੇ ਅੱਠ ਮਿੰਟ 15.96 ਸਕਿੰਟ ਦਾ ਸਮਾਂ ਲਿਆ ਤੇ ਆਪਣੀ ਹੀਟ ਵਿਚ ਪੰਜਵੇਂ ਸਥਾਨ 'ਤੇ ਰਹਿੰਦੇ ਹੋਏ ਫਾਈਨਲ ਵਿਚ ਥਾਂ ਬਣਾਉਣ ਵਿਚ ਨਾਕਾਮ ਰਹੇ। ਕੁਸ਼ਾਗਰ ਨੇ ਪਿਛਲੇ ਸਾਲ ਸੀਨੀਅਰ ਰਾਸ਼ਟਰੀ ਏਕਵਾਟਿਕ ਚੈਂਪੀਅਨਸ਼ਿਪ ਦੇ 800 ਮੀਟਰ ਫ੍ਰੀਸਟਾਈਲ ਮੁਕਾਬਲੇ ਵਿਚ ਅੱਠ ਮਿੰਟ 08.32 ਸਕਿੰਟ ਦਾ ਨਿੱਜੀ ਸਰਬੋਤਮ ਪ੍ਰਦਰਸ਼ਨ ਕੀਤਾ ਸੀ। ਚੋਟੀ ਦੇ ਅੱਠ ਤੈਰਾਕਾਂ ਨੇ ਫਾਈਨਲ ਵਿਚ ਜਗ੍ਹਾ ਬਣਾਈ।