ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ : ਨੇਪੋਮਿਨਸੀ ਬੜ੍ਹਤ ਬਣਾਉਣ ਤੋਂ ਖੁੰਝੇ, ਲਗਾਤਾਰ ਦੂਜਾ ਮੈਚ ਡਰਾਅ
Sunday, Nov 28, 2021 - 07:18 PM (IST)
ਦੁਬਈ (ਨਿਕਲੇਸ਼ ਜੈਨ)- ਫੀਡੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ 'ਚ ਨਾਰਵੇ ਦੇ ਮੌਜੂਦਾ ਵਿਸ਼ਵ ਚੈਂਪੀਅਨ ਮੇਗਨਸ ਕਾਰਲਸਨ ਤੇ ਉਨ੍ਹਾਂ ਦੇ ਚੈਲੰਜਰਜ਼ ਕੈਂਡੀਡੇਟ ਜੇਤੂ ਰੂਸ ਦੇ ਇਆਨ ਨੇਪੋਮਿਨਸੀ ਦਰਮਿਆਨ ਲਗਾਤਾਰ ਦੂਜੇ ਦਿਨ ਵੀ ਨਤੀਜਾ ਨਹੀਂ ਆਇਆ। ਦੂਜੇ ਦਿਨ ਸਫ਼ੈਦ ਮੋਹਰਿਆਂ ਨਾਲ ਖੇਡ ਰਹੇ ਕਾਰਲਸਨ ਨੇ ਕੇਟਲਨ ਓਪਨਿੰਗ 'ਚ ਸ਼ੁਰੂਆਤ ਤੋਂ ਹੀ ਮੋਹਰਿਆਂ ਦੀ ਸਰਗ਼ਰਮੀ ਲਈ ਆਪਣਾ ਇਕ ਪਿਆਦਾ ਕੁਰਬਾਨ ਕਰ ਦਿੱਤਾ, ਖੇਡ ਦੀ 16ਵੀਂ ਚਾਲ ਤਕ ਉਨ੍ਹਾਂ ਨੂੰ ਇਸ ਦਾ ਫ਼ਾਇਦਾ ਮਿਲਦਾ ਵੀ ਨਜ਼ਰ ਆਇਆ ਪਰ ਅਗਲੀ ਹੀ ਚਾਲ 'ਚ ਉਹ ਆਪਣੇ ਘੋੜੇ ਦੀ ਚਾਲ ਚਲਦੇ ਹੋਏ ਨੇਪੋਮਿਨਸੀ ਦੇ ਘੋੜੇ ਦੀ ਇਕ ਚਾਲ ਨਹੀਂ ਦੇਖ ਸਕੇ ਤੇ 22 ਚਾਲ ਆਉਂਦੇ ਉਨ੍ਹਾਂ ਨੂੰ ਆਪਣੇ ਹਾਥੀ ਨੂੰ ਘੋੜੇ ਤੋਂ ਬਦਲਣਾ ਪਿਆ ਤੇ ਬਾਜ਼ੀ ਨੋਪੋ ਦੇ ਪੱਖ 'ਚ ਜਾਂਦੀ ਨਜ਼ਰ ਆਉਣ ਲੱਗੀ ।
ਕਾਰਲਸਨ ਨੇ ਹਾਰ ਨਾ ਮੰਨਦੇ ਹੋਏ 24ਵੀਂ ਚਾਲ 'ਚ ਆਪਣੇ ਊਂਠ ਨੂੰ ਕੇਂਦਰ 'ਚ ਲਿਆਉਂਦੇ ਹੋਏ ਨੇਪੋਮਿਨਸੀ ਦੇ ਰਾਜਾ ਨੂੰ ਚਿੰਤਾ 'ਚ ਘੇਰਦੇ ਹੋਏ ਰੱਖਿਆਤਮਕ ਰੁਖ਼ ਅਪਣਾਉਣ 'ਤੇ ਮਜਬੂਰ ਕਰ ਦਿੱਤਾ ਤੇ ਉਸ ਤੋਂ ਬਾਅਦ 58 ਚਾਲਾਂ ਤਕ ਬਾਜ਼ੀ ਬਰਾਬਰੀ 'ਤੇ ਖ਼ਤਮ ਹੋਈ। ਅਜੇ ਵੀ ਦੋਵਾਂ ਨੂੰ 12 ਹੋਰ ਕਲਾਸਿਕਲ ਮੁਕਾਬਲੇ ਖੇਡਣੇ ਹਨ ਤੇ ਸਭ ਤੋਂ ਪਹਿਲਾਂ 7.5 ਅੰਕ ਬਣਾਉਣ ਵਾਲਾ ਖਿਡਾਰੀ ਵਿਸ਼ਵ ਜੇਤੂ ਬਣ ਜਾਵੇਗਾ।