ਕੋਵਿਡ-19 ਕਾਰਨ ਤਾਈਪੇ ਓਪਨ ਸੁਪਰ 300 ਪ੍ਰਤੀਯੋਗਿਤਾ ਰੱਦ
Sunday, Aug 15, 2021 - 07:16 PM (IST)
ਨਵੀਂ ਦਿੱਲੀ— ਵਿਸ਼ਵ ਬੈਡਮਿੰਟਨ ਮਹਾਸੰਘ (ਬੀ. ਡਬਲਯੂ. ਐੱਫ.) ਨੂੰ ਕੋਵਿਡ-19 ਮਹਾਮਾਰੀ ਕਾਰਨ ‘ਟੂਰਨਾਮੈਂਟ ਨੂੰ ਆਯੋਜਿਤ ਕਰਨ ਸਬੰਧੀ ਮੁਸ਼ਕਲਾਂ’ ਨੂੰ ਦੇਖਦੇ ਹੋਏ ਤਾਈਪੇ ਓਪਨ ਵਿਸ਼ਵ ਟੂਰ ਸੁਪਰ 300 ਪ੍ਰਤੀਯੋਗਿਤਾ ਨੂੰ ਰੱਦ ਕਰਨ ਲਈ ਮਜਬੂਰ ਹੋਣਾ ਪਿਆ ਜਿਸ ਦਾ ਆਯੋਜਨ ਅਗਲੇ ਮਹੀਨੇ ਕੀਤਾ ਜਾਣਾ ਸੀ। ਤਾਈਪੇ ਓਪਨ ਦਾ ਆਯੋਜਨ 7 ਤੋਂ 12 ਸਤੰਬਰ ਤਕ ਤਾਈਪੇ ਸਿਟੀ ’ਚ ਹੋਣਾ ਸੀ।
ਬੀ. ਡਬਲਯੂ. ਐੱਫ. ਤੋਂ ਜਾਰੀ ਬਿਆਨ ਦੇ ਮੁਤਾਬਕ, ‘ਬੁੱਧਵਾਰ ਨੂੰ ਜਾਰੀ ਬੀ. ਡਬਲਯੂ. ਐੱਫ. ਟੂਰਨਾਮੈਂਟ ਕੈਲੰਡਰ 2021 ’ਤੇ ਅਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਯੋਨੇਕਸ ਤਾਈਪੇ ਓਪਨ 2021 ਨੂੰ ਰੱਦ ਕਰ ਦਿੱਤਾ ਗਿਆ ਹੈ।’’ ਉਨ੍ਹਾਂ ਦੱਸਿਆ, ‘‘ਕੋਵਿਡ-19 ਕਾਰਨ ਇਸ ਟੂਰਨਾਮੈਂਟ ਦੇ ਆਯੋਜਨ ਦੇ ਸਬੰਧ ’ਚ ਕਈ ਦਿੱਕਤਾਂ ਨੂੰ ਦੇਖਦੇ ਹੋਏ ਸਥਾਨਕ ਆਯੋਜਕਾਂ ਕੋਲ ਇਸ ਨੂੰ ਰੱਦ ਕਰਨ ਤੋਂ ਇਲਾਵਾ ਕੋਈ ਦੂਜਾ ਬਦਲ ਨਹੀਂ ਸੀ।
ਭਾਰਤੀ ਖਿਡਾਰੀ ਐੱਚ. ਐੱਸ. ਪ੍ਰਣਯ ਨੇ ਇਸ ਖ਼ਬਰ ’ਤੇ ਨਿਰਾਸ਼ਾ ਪ੍ਰਗਟਾਈ ਹੈ। ਉਨ੍ਹਾਂ ਇਸ ਖ਼ਬਰ ’ਤੇ ਵਿਅੰਗ ਕਰਦੇ ਹੋਏ ਟਵੀਟ ਕੀਤਾ, ‘‘ਵਾਹ ਖ਼ੂਬਸੂਰਤ। ਮੈਨੂੰ ਲਗਦਾ ਹੈ ਕਿ ਬਿਹਤਰ ਹੋਵੇਗਾ ਕਿ ਮੈਂ ਟੈਨਿਸ ਖੇਡਣਾ ਸ਼ੁਰੂ ਕਰ ਦੇਵਾਂ।’’