ਪਿਛਲੇ ਇਕ ਸਾਲ ’ਚ ਸਖਤ ਮਿਹਨਤ ਕੀਤੀ : ਸ਼ੈਫਾਲੀ
Sunday, Nov 09, 2025 - 11:27 PM (IST)
ਚੰਡੀਗੜ੍ਹ–ਭਾਰਤ ਦੀ ਮਹਿਲਾ ਵਿਸ਼ਵ ਕੱਪ ਜੇਤੂ ਟੀਮ ਦੀ ਮੈਂਬਰ ਸ਼ੈਫਾਲੀ ਵਰਮਾ ਨੇ ਐਤਵਾਰ ਨੂੰ ਕਿਹਾ ਕਿ ਪਿਛਲੇ ਇਕ ਸਾਲ ਵਿਚ ਉਸ ਨੂੰ ਕਾਫੀ ਸੰਘਰਸ਼ਾਂ ਦਾ ਸਾਹਮਣਾ ਕਰਨਾ ਪਿਆ ਤੇ ਉਸ ਨੇ ਆਪਣੀ ਖੇਡ ਨੂੰ ਬਿਹਤਰ ਬਣਾਉਣ ਲਈ ‘ਸਖਤ ਮਿਹਨਤ’ ਕੀਤੀ ਤੇ ਟੀਮ ਨੂੰ ਇਤਿਹਾਸਕ ਵਿਸ਼ਵ ਕੱਪ ਖਿਤਾਬ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਜ਼ਖ਼ਮੀ ਪ੍ਰਤਿਕਾ ਰਾਵਲ ਦੀ ਜਗ੍ਹਾ ਟੀਮ ਵਿਚ ਸ਼ਾਮਲ ਕੀਤੀ ਗਈ 21 ਸਾਲਾ ਸ਼ੈਫਾਲੀ ਨੇ ਦੱਖਣੀ ਅਫਰੀਕਾ ਵਿਰੁੱਧ ਫਾਈਨਲ ਵਿਚ ਮੇਜ਼ਬਾਨ ਟੀਮ ਦੀ 52 ਦੌੜਾਂ ਦੀ ਜਿੱਤ ਦੌਰਾਨ 87 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ 36 ਦੌੜਾਂ ਦੇ ਕੇ 2 ਵਿਕਟਾਂ ਵੀ ਲਈਆਂ, ਜਿਸ ਦੇ ਲਈ ਉਸ ਨੂੰ ਮੈਚ ਦੀ ਸਰਵੋਤਮ ਖਿਡਾਰਨ ਚੁਣਿਆ ਗਿਆ।
ਸ਼ੈਫਾਲੀ ਨੇ ਇੱਥੇ ਕਿਹਾ, ‘‘ਪਿਛਲਾ ਇਕ ਸਾਲ ਮੇਰੇ ਲਈ ਬਹੁਤ ਮੁਸ਼ਕਿਲ ਰਿਹਾ। ਮੈਨੂੰ ਬਹੁਤ ਸੰਘਰਸ਼ਾਂ ਦਾ ਸਾਹਮਣਾ ਕਰਨਾ ਪਿਆ ਪਰ ਮੈਂ ਸਖਤ ਮਿਹਨਤ ਕਰਦੀ ਰਹੀ ਤੇ ਪ੍ਰਮਾਤਮਾ ਨੇ ਮੇਰੀ ਮਿਹਨਤ ਦਾ ਫਲ ਮੈਨੂੰ ਦਿੱਤਾ।’’ਸ਼ੈਫਾਲੀ ਨੂੰ ਆਸਟ੍ਰੇਲੀਆ ਵਿਰੁੱਧ ਸੈਮੀਫਾਈਨਲ ਦੀ ਪੂਰਬਲੀ ਸ਼ਾਮ ’ਤੇ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ। ਉਹ ਆਖਰੀ-4 ਦੇ ਮੁਕਾਬਲੇ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਸੀ ਪਰ ਹਰਿਆਣਾ ਦੀ ਇਸ ਖਿਡਾਰਨ ਨੇ ਖਿਤਾਬੀ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸ਼ੈਫਾਲੀ ਨੇ ਕਿਹਾ, ‘‘ਸੈਮੀਫਾਈਨਲ ਤੋਂ ਪਹਿਲਾਂ ਜਦੋਂ ਮੈਂ ਭਾਰਤੀ ਟੀਮ ਵਿਚ ਸ਼ਾਮਲ ਹੋਈ ਤਾਂ ਮੈਂ ਵਿਸ਼ਵ ਕੱਪ ਜਿੱਤ ਵਿਚ ਯੋਗਦਾਨ ਦੇਣ ਦਾ ਟੀਚਾ ਤੈਅ ਕਰ ਲਿਆ ਸੀ। ਫਾਈਨਲ ਹਮੇਸ਼ਾ ਇਕ ਵੱਡਾ ਮੰਚ ਹੁੰਦਾ ਹੈ। ਸ਼ੁਰੂਆਤ ਵਿਚ ਮੈਂ ਥੋੜ੍ਹਾ ਘਬਰਾਈ ਹੋਈ ਸੀ ਪਰ ਮੈਂ ਖੁਦ ਨੂੰ ਸ਼ਾਂਤ ਕੀਤਾ, ਆਪਣੀ ਰਣਨੀਤੀ ’ਤੇ ਧਿਆਨ ਕੇਂਦ੍ਰਿਤ ਕੀਤਾ ਤੇ ਉਸ ਨੂੰ ਚੰਗੀ ਤਰ੍ਹਾਂ ਨਾਲ ਲਾਗੂ ਕੀਤਾ। ਇਸ ਨਾਲ ਮੈਨੂੰ ਆਲਰਾਊਂਡ ਪ੍ਰਦਰਸ਼ਨ ਕਰਨ ਵਿਚ ਮਦਦ ਮਿਲੀ।’’ਆਪਣੇ ਘਰੇਲੂ ਸ਼ਹਿਰ ਰੋਹਤਕ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਤੋਂ ਬਾਅਦ ਇਸ ਹਮਲਾਵਰ ਸਲਾਮੀ ਬੱਲੇਬਾਜ਼ ਨੇ ਲੜਕੀਆਂ ਨੂੰ ਆਤਮਵਿਸ਼ਵਾਸ ਰੱਖਣ ਤੇ ਸਖਤ ਮਿਹਨਤ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਨਤੀਜਾ ਜ਼ਰੂਰ ਮਿਲੇਗਾ।ਸ਼ੈਫਾਲੀ ਨੇ ਕਿਹਾ,‘‘ਉਨ੍ਹਾਂ ਨੂੰ ਹਮੇਸ਼ਾ ਸਖਤ ਮਿਹਨਤ ਕਰਨੀ ਚਾਹੀਦੀ ਹੈ। ਭਾਵੇਂ ਹੀ ਕੋਈ ਵੀ ਖੇਤਰ ਚੁਣੋ। ਅਤਾਮਵਿਸ਼ਵਾਸ ਵੀ ਰੱਖਣਾ ਚਾਹੀਦਾ ਹੈ ਤੇ ਇਸ ਨਾਲ ਨਤੀਜੇ ਜ਼ਰੂਰ ਮਿਲਣਗੇ।’’
ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਨੇ ਪਿਛਲੇ ਐਤਵਾਰ ਨੂੰ ਨਵੀ ਮੁੰਬਈ ਵਿਚ ਹੋਏ ਫਾਈਨਲ ਵਿਚ ਦੱਖਣੀ ਅਫਰੀਕਾ ਨੂੰ ਹਰਾ ਕੇ ਆਪਣਾ ਪਹਿਲਾ ਵਿਸ਼ਵ ਕੱਪ ਖਿਤਾਬ ਜਿੱਤਿਆ। ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਆਪਣਾ ਆਦਰਸ਼ ਮੰਨਣ ਵਾਲੀ ਸ਼ੈਫਾਲੀ ਨੇ ਕਿਹਾ ਕਿ ਉਸਦੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਉਸਦੇ ਪਰਿਵਾਰ ਦੇ ਸਹਿਯੋਗ ਦੀ ਅਹਿਮ ਭੂਮਿਕਾ ਰਹੀ ਹੈ। ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਸੈਂਕੜਾ ਨਾ ਬਣਾ ਸਕਣ ਦਾ ਕੋਈ ਅਫਸੋਸ ਨਹੀਂ ਹੈ ਕਿਉਂਕਿ ਵਿਸ਼ਵ ਕੱਪ ਜਿੱਤਣਾ ਜ਼ਿਆਦਾ ਮਹੱਤਵਪੂਰਨ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਟੀਮ ਦੀ ਮੁਲਾਕਾਤ ਦੇ ਬਾਰੇ ਵਿਚ ਉਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਨਾਲ ਦੋ ਘੰਟੇ ਬਿਤਾਏ ਤੇ ਉਨ੍ਹਾਂ ਦਾ ਹੌਸਲਾ ਵਧਾਇਆ। ਸ਼ੈਫਾਲੀ ਨੇ ਕਿਹਾ ਕਿ ਹੁਣ ਉਹ 12 ਨਵੰਬਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨਾਲ ਮਿਲਣ ਲਈ ਉਤਸ਼ਾਹਿਤ ਹੈ।
