ਕ੍ਰਿਕਟ : ਮਹਿਲਾ ਟੀਮ ਲਈ 'ਮਹਿਲਾ ਕੋਚ' ਦਾ ਪਿਆ ਕਾਲ਼
Friday, Dec 14, 2018 - 04:20 PM (IST)

ਨਵੀਂ ਦਿੱਲੀ— ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਮੁੱਖ ਕੋਚ ਲਈ ਅਜੇ ਤਕ 13 ਬੇਨਤੀਆਂ ਆ ਚੁੱਕੀਆਂ ਹਨ। ਇਨ੍ਹਾਂ ਬਿਨੈਕਾਰਾਂ 'ਚ ਦੱਖਣੀ ਅਫਰੀਕਾ ਦੇ ਹਰਸ਼ੇਲ ਗਿਬਸ ਅਤੇ ਸਾਬਕਾ ਭਾਰਤੀ ਕ੍ਰਿਕਟਰ ਮਨੋਜ ਪ੍ਰਭਾਕਰ ਦਾ ਨਾਂ ਪ੍ਰਮੁੱਖ ਹੈ। ਮਹਿਲਾ ਟੀਮ ਦੇ ਮੁੱਖ ਕੋਚ ਅਹੁਦੇ ਲਈ ਬੇਨਤੀਆਂ ਭੇਜਣ ਦਾ ਅੱਜ ਆਖਰੀ ਦਿਨ ਹੈ। ਜਿਸ ਤੋਂ ਬਾਅਦ 20 ਦਸੰਬਰ ਨੂੰ ਸਾਰੇ ਉਮੀਦਵਾਰਾਂ ਦੇ ਇੰਟਰਵਿਊ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਮਹਿਲਾ ਕ੍ਰਿਕਟ ਟੀਮ ਦੇ ਕੋਚ ਦੇ ਅਹੁਦੇ ਲਈ ਉਮੀਦਵਾਰਾਂ ਦੀ ਚੋਣ ਲਈ ਬੀ.ਸੀ.ਸੀ.ਆਈ. ਦੇ ਸੀ.ਓ.ਏ. ਨੇ ਵਿਸ਼ਵ ਕੱਪ ਜੇਤੂ ਕਪਿਲ ਦੇਵ, ਦਿੱਗਜ ਮਹਿਲਾ ਕ੍ਰਿਕਟਰ ਸ਼ਾਂਤਾ ਰੰਗਾਸਵਾਮੀ ਅਤੇ ਅੰਸ਼ੁਮਾਨ ਗਾਇਕਵਾੜ ਵਾਲੀ ਤਿੰਨ ਮੈਂਬਰੀ ਐਡ-ਹਾਕ ਕਮੇਟੀ ਦਾ ਗਠਨ ਕੀਤਾ ਹੈ।
ਹਰਸ਼ੇਲ ਗਿਬਸ ਤੋਂ ਇਲਾਵਾ ਕੋਚ ਅਹੁਦੇ ਲਈ ਬੇਨਤੀ ਕਰਨ ਵਾਲਿਆਂ 'ਚ ਸ਼੍ਰੀਲੰਕਾ 'ਚ ਜਨਮੇ ਆਸਟਰੇਲੀਆਈ ਕ੍ਰਿਕਟਰ ਡੇਵ ਵਾਟਮੋਰ, ਯੂ.ਏ.ਈ. ਟੀਮ ਦੇ ਸਾਬਕਾ ਕੋਚ ਓਵੇਸਿਸ ਸ਼ਾਹ, ਸਾਬਕਾ ਇੰਗਲਿਸ਼ ਕ੍ਰਿਕਟਰ ਦਿਮਿਤ੍ਰੀ ਮਸਕਰੇਨਹਾਸ, ਡੋਮਿਨਿਕ ਥਾਰਨਲੀ ਅਤੇ ਕਾਲਿਨ ਸਿੱਲਰ ਜਿਹੇ ਵਿਦੇਸ਼ੀ ਖਿਡਾਰੀ ਸ਼ਾਮਲ ਹਨ। ਜਦਕਿ ਭਾਰਤੀਆਂ ਦੀ ਗੱਲ ਕਰੀਏ ਤਾਂ ਮਨੋਜ ਪ੍ਰਭਾਕਰ ਦੇ ਨਾਲ ਅਤੁਲ ਬੇਹਾਡੇ, ਡੇਵਿਡ ਜਾਨਸਨ, ਰਾਕੇਸ਼ ਸ਼ਰਮਾ, ਵਿਧੁੱਤ ਜੈਸਿਮਹਾ (ਸਾਬਕਾ ਦਿੱਗਜ ਐੱਮ.ਐੱਲ. ਜੈਸਿਮਹਾ ਦੇ ਪੁੱਤਰ) ਅਤੇ ਸਾਬਕਾ ਭਾਰਤੀ ਕੋਚ ਰਮੇਸ਼ ਪਵਾਰ ਸ਼ਾਮਲ ਹਨ। ਪਵਾਰ ਨੇ ਟੀ-20 ਕਪਤਾਨ ਹਰਮਨਪ੍ਰੀਤ ਕੌਰ ਅਤੇ ਸਮ੍ਰਿਤੀ ਮੰਧਾਨਾ ਤੋਂ ਸਮਰਥਨ ਮਿਲਣ ਦੇ ਬਾਅਦ ਇਕ ਵਾਰ ਫਿਰ ਕੋਚ ਅਹੁਦੇ ਲਈ ਦਾਅਵੇਦਾਰੀ ਪੇਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਮਹਿਲਾ ਕ੍ਰਿਕਟ ਟੀਮ ਦੇ ਕੋਚ ਅਹੁਦੇ ਲਈ ਬਿਨੈਕਾਰਾਂ 'ਚ ਗਾਰਗੀ ਬੈਨਰਜੀ ਇਕੱਲੀ ਮਹਿਲਾ ਉਮੀਦਵਾਰ ਹੈ।