Women''s T20 WC : ਹਰਮਨਪ੍ਰੀਤ ਦਾ ਬਿਆਨ- ਸਾਡਾ ਫੋਕਸ WPL ਨਿਲਾਮੀ ਦੀ ਬਜਾਏ ਪਾਕਿਸਤਾਨ ''ਤੇ
Sunday, Feb 05, 2023 - 07:52 PM (IST)
ਸਪੋਰਟਸ ਡੈਸਕ- ਭਾਰਤੀ ਮਹਿਲਾ ਕ੍ਰਿਕਟ ਟੀਮ ਇਸ ਸਮੇਂ 10 ਫਰਵਰੀ ਤੋਂ ਸ਼ੁਰੂ ਹੋਣ ਵਾਲੇ ICC T20 ਵਿਸ਼ਵ ਕੱਪ ਵਿੱਚ ਹਿੱਸਾ ਲੈਣ ਲਈ ਦੱਖਣੀ ਅਫਰੀਕਾ ਪਹੁੰਚ ਗਈ ਹੈ। ਭਾਰਤੀ ਮਹਿਲਾ ਕ੍ਰਿਕਟ ਆਪਣੀ ਮੁਹਿੰਮ ਦੀ ਸ਼ੁਰੂਆਤ 12 ਫਰਵਰੀ ਨੂੰ ਪਾਕਿਸਤਾਨ ਮਹਿਲਾ ਟੀਮ ਖਿਲਾਫ ਕਰੇਗੀ। ਇਸ ਦੌਰਾਨ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਆਪਣੇ ਇੱਕ ਬਿਆਨ ਤੋਂ ਸਪੱਸ਼ਟ ਕੀਤਾ ਕਿ ਟੀਮ ਦੀਆਂ ਸਾਰੀਆਂ ਖਿਡਾਰਨਾਂ ਦਾ ਧਿਆਨ ਫਿਲਹਾਲ ਵਿਸ਼ਵ ਕੱਪ 'ਤੇ ਹੈ ਨਾ ਕਿ ਆਉਣ ਵਾਲੀ ਮਹਿਲਾ ਪ੍ਰੀਮੀਅਰ ਲੀਗ (WPL) ਦੀ ਨਿਲਾਮੀ 'ਤੇ।
ਜ਼ਿਕਰਯੋਗ ਹੈ ਕਿ ਮਹਿਲਾ ਪ੍ਰੀਮੀਅਰ ਲੀਗ ਵਿੱਚ ਖਿਡਾਰੀਆਂ ਦੀ ਨਿਲਾਮੀ ਪ੍ਰਕਿਰਿਆ 13 ਫਰਵਰੀ ਨੂੰ ਮੁੰਬਈ ਵਿੱਚ ਆਯੋਜਿਤ ਕੀਤੀ ਜਾਵੇਗੀ। ਇਸ ਤੋਂ ਇੱਕ ਦਿਨ ਪਹਿਲਾਂ ਭਾਰਤੀ ਟੀਮ ਨੇ ਪਾਕਿਸਤਾਨ ਦੇ ਖਿਲਾਫ ਮੈਚ ਖੇਡਣਾ ਹੈ। ਇਸ ਦੇ ਨਾਲ ਹੀ ਮਹਿਲਾ ਪ੍ਰੀਮੀਅਰ ਲੀਗ ਦਾ ਪਹਿਲਾ ਸੀਜ਼ਨ 4 ਮਾਰਚ ਤੋਂ ਸ਼ੁਰੂ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਸਟੇਡੀਅਮ ਨੇੜੇ ਅੱਤਵਾਦੀ ਹਮਲਾ, ਮੈਚ ਰੋਕਣਾ ਪਿਆ, 5 ਲੋਕ ਜ਼ਖਮੀ
ਹਰਮਨਪ੍ਰੀਤ ਕੌਰ ਨੇ ਆਪਣੇ ਬਿਆਨ 'ਚ ਕਿਹਾ ਕਿ ਵਿਸ਼ਵ ਕੱਪ ਸਾਡੇ ਲਈ ਕਿਸੇ ਵੀ ਟੂਰਨਾਮੈਂਟ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ। ਫਿਲਹਾਲ ਸਾਡਾ ਪੂਰਾ ਧਿਆਨ ਇਸ ਨੂੰ ਜਿੱਤਣ 'ਤੇ ਹੈ। ਬਾਕੀ ਸਭ ਕੁਝ ਆਵੇਗਾ ਅਤੇ ਜਾਵੇਗਾ। ਇੱਕ ਖਿਡਾਰੀ ਹੋਣ ਦੇ ਨਾਤੇ, ਤੁਸੀਂ ਜਾਣਦੇ ਹੋ ਕਿ ਕਿਸ 'ਤੇ ਧਿਆਨ ਕੇਂਦਰਿਤ ਕਰਨਾ ਹੈ। ਅਸੀਂ ਸਾਰੇ ਕਾਫ਼ੀ ਸਿਆਣੇ ਹਾਂ ਅਤੇ ਜਾਣਦੇ ਹਾਂ ਕਿ ਸਾਡੇ ਲਈ ਕੀ ਮਹੱਤਵਪੂਰਨ ਹੈ।
ਸ਼ੈਫਾਲੀ ਵਰਮਾ ਦੀ ਕਪਤਾਨੀ ਹੇਠ ਭਾਰਤੀ ਮਹਿਲਾ ਅੰਡਰ-19 ਟੀਮ ਨੇ ਫਾਈਨਲ ਮੈਚ ਵਿੱਚ ਇੰਗਲੈਂਡ ਨੂੰ ਹਰਾ ਕੇ ਮਹਿਲਾ ਆਈਸੀਸੀ ਟੀ-20 ਵਿਸ਼ਵ ਕੱਪ ਅੰਡਰ-19 ਦੇ ਪਹਿਲੇ ਐਡੀਸ਼ਨ ਵਿੱਚ ਕੱਪ ਜਿੱਤ ਲਿਆ ਹੈ। ਇਸ 'ਤੇ ਹਰਮਨਪ੍ਰੀਤ ਨੇ ਕਿਹਾ ਕਿ ਅੰਡਰ-19 ਟੀਮ ਦਾ ਪ੍ਰਦਰਸ਼ਨ ਦੇਖ ਕੇ ਸਾਨੂੰ ਵੀ ਆਤਮ-ਵਿਸ਼ਵਾਸ ਮਿਲਿਆ ਹੈ। ਉਸ ਨੇ ਉਹ ਕੰਮ ਕੀਤਾ ਹੈ ਜੋ ਅਸੀਂ ਹੁਣ ਤੱਕ ਨਹੀਂ ਕਰ ਸਕੇ। ਸਾਡੇ ਲਈ ਵੀ ਇਹ ਸ਼ਾਨਦਾਰ ਪਲ ਸੀ ਜਦੋਂ ਅੰਡਰ-19 ਟੀਮ ਨੇ ਇਹ ਇਤਿਹਾਸਕ ਕਾਰਨਾਮਾ ਕੀਤਾ। ਦੂਜੇ ਪਾਸੇ ਹਰਮਨਪ੍ਰੀਤ ਨੇ ਉਮੀਦ ਜਤਾਈ ਹੈ ਕਿ ਮਹਿਲਾ ਪ੍ਰੀਮੀਅਰ ਲੀਗ ਭਾਰਤੀ ਮਹਿਲਾ ਕ੍ਰਿਕਟ 'ਚ ਉਸੇ ਤਰ੍ਹਾਂ ਦੀ ਭੂਮਿਕਾ ਨਿਭਾਏਗੀ, ਜਿਸ ਤਰ੍ਹਾਂ ਮਹਿਲਾ ਬਿਗ ਬੈਸ਼ ਅਤੇ ਦ ਹੰਡਰਡ ਨੇ ਆਸਟ੍ਰੇਲੀਆ ਅਤੇ ਇੰਗਲੈਂਡ 'ਚ ਨਿਭਾਈ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।