ਮਹਿਲਾ ਏਸ਼ੇਜ਼ ਟੈਸਟ : ਕਪਤਾਨ ਹੀਦਰ ਨਾਈਟ ਦਾ ਸੈਂਕੜਾ, ਫਿਰ ਵੀ ਡਾਵਾਂਡੋਲ ਰਹੀ ਇੰਗਲੈਂਡ ਦੀ ਟੀਮ
Friday, Jan 28, 2022 - 08:38 PM (IST)
ਸਪੋਰਟਸ ਡੈਸਕ- ਕੈਨਬਰਾ ਦੇ ਮੈਦਾਨ 'ਤੇ ਮਹਿਲਾ ਏਸ਼ੇਜ਼ ਦੇ ਦੌਰਾਨ ਆਸਟਰੇਲੀਆ ਵਲੋਂ ਬਣਾਈਆਂ ਗਈਆਂ 337 ਦੌੜਾਂ ਦੇ ਜਵਾਬ 'ਚ ਇੰਗਲੈਂਡ ਟੀਮ ਨੇ 8 ਵਿਕਟਾਂ ਗੁਆ ਕੇ 235 ਦੌੜਾਂ ਬਣਾ ਲਈਆਂ ਹਨ। ਇੰਗਲੈਂਡ ਦੀ ਬੱਲੇਬਾਜ਼ੀ ਇਸ ਟੈਸਟ 'ਚ ਕਮਜ਼ੋਰ ਹੁੰਦੀ ਨਜ਼ਰ ਆਈ ਜਦੋਂ ਉਸ ਦਾ ਓਪਨਿੰਗ ਤੇ ਮੱਧ ਕ੍ਰਮ ਬੁਰੀ ਤਰ੍ਹਾਂ ਲੜਖੜਾ ਗਿਆ। ਪਰ ਅਜਿਹੇ 'ਚ ਹੀਦਰ ਨਾਈਟ ਨੇ ਕਪਤਾਨੀ ਪਾਰੀ ਖੇਡਦੇ ਹੋਏ ਸੈਂਕੜਾ ਲਾਇਆ ਤੇ ਸਕੋਰ 200 ਦੇ ਪਾਰ ਲੈ ਗਈ। ਨਾਈਟ ਨੇ ਸਾਰੀਆਂ ਬੱਲੇਬਾਜ਼ਾਂ ਦੇ ਨਾਲ ਛੋਟੀ-ਛੋਟੀ ਸਾਂਝੇਦਾਰੀਆਂ ਕਰ ਕੇ ਇਹ ਮੁਕਾਮ ਹਾਸਲ ਕੀਤਾ। ਨਾਈਟ ਟੈਸਟ ਦਾ ਦੂਜਾ ਦਿਨ ਖ਼ਤਮ ਹੋਣ ਤਕ 249 ਗੇਂਦਾਂ 'ਤੇ 13 ਚੌਕੇ ਤੇ ਇਕ ਛੱਕੇ ਨਾਲ 127 ਦੌੜਾਂ ਬਣਾ ਚੁੱਕੀ ਸੀ।
ਇਸ ਤੋਂ ਪਹਿਲਾਂ ਆਸਟਰੇਲੀਆ ਨੇ 337 ਦੌੜਾਂ 'ਤੇ ਆਪਣੀ ਪਾਰੀ ਐਲਾਨੀ। ਆਸਟਰੇਲੀਆ ਦੀ ਵੀ ਸ਼ੁਰੂਆਤ ਖ਼ਰਾਬ ਰਹੀ। ਓਪਨਿੰਗ ਹਿਲੀ ਸਿਫਰ ਤੇ ਮੂਨੀ 3 ਦੌੜਾਂ ਬਣਾ ਪਵੇਲੀਅਨ ਪਰਤ ਗਈਆਂ ਸਨ। ਪਰ ਇਸ ਤੋਂ ਬਾਅਦ ਆਰ. ਹੇਂਸ ਨੇ ਕਪਤਾਨ ਮੇਗ ਲੇਨਿੰਗ ਦੇ ਨਾਲ ਮਿਲ ਕੇ 170+ਦੌੜਾਂ ਦੀ ਸਾਂਝੇਦਾਰੀ ਨਿਭਾਈ। ਹੇਂਸ ਨੇ 180 ਗੇਂਦਾਂ 'ਚ 10 ਚੌਕਿਆਂ ਦੀ ਮਦਦ ਨਾਲ 86 ਤੇ ਕਪਤਾਨ ਲੇਨਿਗ ਨੇ 170 ਗੇਂਦਾਂ 'ਚ 13 ਚੌਕਿਆਂ ਦੀ ਮਦਦ ਨਾਲ 93 ਦੌੜਾਂ ਬਣਾਈਆਂ। ਜਦਕਿ ਤਾਹਿਲਾ ਮੈਕਗ੍ਰਾ ਨੇ 88 ਗੇਂਦਾਂ 'ਚ 7 ਚੌਕਿਆਂ ਦੀ ਮਦਦ ਨਾਲ 52 ਤੇ ਗਾਰਡਨਰ 74 ਗੇਂਦਾਂ 'ਚ 56 ਦੌੜਾਂ ਬਣਾਈਆਂ। ਇੰਗਲੈਂਡ ਦੀ ਕੈਥਰੀਨ ਬ੍ਰੰਟ ਨੇ 60 ਦੌੜਾਂ ਦੇ ਕੇ ਪੰਜ ਤਾਂ ਸੀਵਰ ਨੇ 41 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ।