ਇੰਗਲੈਂਡ ਦੌਰੇ ਤੋਂ ਪਹਿਲਾਂ ਵਿੰਡੀਜ਼ ਗੇਂਦਬਾਜ਼ ਰੋਚ ਨੇ ਦਿੱਤਾ ਇਹ ਬਿਆਨ

06/16/2020 11:38:24 AM

ਲੰਡਨ– ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਕੇਮਾਰ ਰੋਚ ਨੇ ਇੰਗਲੈਂਡ ਵਿਰੁੱਧ 8 ਜੁਲਾਈ ਤੋਂ ਸ਼ੁਰੂ ਹੋ ਰਹੀ 3 ਮੈਚਾਂ ਦੀ ਟੈਸਟ ਲੜੀ ਤੋਂ ਪਹਿਲਾਂ ਕਿਹਾ ਕਿ ਉਸਦੀ ਟੀਮ ਦਾ ਪੂਰਾ ਧਿਅਾਨ ਸਿਰਫ ਜਿੱਤਣ ’ਤੇ ਹੋਵੇਗਾ। ਰੋਚ ਨੇ ਕੈਰੇਬੀਅਾਈ ਮੂਲ ਦੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ੍ਰਾ ਅਾਰਚਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਸੀਰੀਜ਼ ਵਿਚ ਦੋਸਤੀ ਲਈ ਕੋਈ ਜਗ੍ਹਾ ਨਹੀਂ ਹੈ ਤੇ ਜਦੋਂ  ਦੋਵੇਂ ਟੀਮਾਂ ਮੈਦਾਨ ’ਤੇ ਇਕ-ਦੂਜੇ ਦੇ ਅਾਹਮੋ-ਸਾਹਮਣੇ ਹੋਣਗੀਅਾਂ ਤਾਂ ਧਿਅਾਨ ਸਿਰਫ ਜਿੱਤਣ ’ਤੇ ਹੋਵੇਗਾ। ਵੈਸਟਇੰਡੀਜ਼ ਨੂੰ ਇੰਗਲੈਂਡ ਵਿਰੁੱਧ 8 ਜੁਲਾਈ ਤੋਂ 3 ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਕੋਰੋਨਾ ਵਾਇਰਸ ਦੇ ਕਾਰਣ ਦੁਨੀਅਾ ਭਰ ਵਿਚ ਖੇਡ ਗਤੀਵਿਧੀਅਾਂ ਠੱਪ ਰਹਿਣ ਵਿਚਾਲੇ ਇਸ ਸੀਰੀਜ਼ ਤੋਂ ਕ੍ਰਿਕਟ ਦੀ ਵਾਪਸੀ ਹੋ ਰਹੀ ਹੈ ਤੇ ਇਸ ਸੀਰੀਜ਼ ਦੇ ਮੈਚ ਦਰਸ਼ਕਾਂ ਦੇ ਬਿਨਾਂ ਖੇਡੇ ਜਾਣਗੇ। ਮਾਰਚ ਦੇ ਅੱਧ ਵਿਚ ਕ੍ਰਿਕਟ ਰੁਕਣ ਤੋਂ ਬਾਅਦ ਇਹ ਪਹਿਲੀ ਕੌਮਾਂਤਰੀ ਸੀਰੀਜ਼ ਹੋਵੇਗੀ ਜਿਹੜੀ ਕੋਰੋਨਾ ਦੇ ਮੱਦੇਨਜ਼ਰ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਖੇਡੀ ਜਾਵੇਗੀ।
ਰੋਚ ਨੇ ਕਿਹਾ,‘‘ਜੋਫ੍ਰਾ ਨੇ ਅਾਪਣਾ ਫੈਸਲਾ ਕਰ ਲਿਅਾ ਹੈ ਤੇ ਮੈਂ ਸਮਝਦਾ ਹਾਂ ਕਿ ਉਸ ਨੇ ਹੁਣ ਤਕ ਦੇ ਅਾਪਣੇ ਕਰੀਅਰ ਵਿਚ ਸ਼ਾਨਦਾਰ ਪ੍ਰਦਰਸਨ ਕੀਤਾ ਹੈ ਪਰ ਇਸ ਸੀਰੀਜ਼ ਵਿਚ ਦੋਸਤੀ ਲਈ ਕੋਈ ਜਗ੍ਹਾ ਨਹੀਂ ਹੈ। ਇਸ ਸੀਰੀਜ਼ ਵਿਚ ਬਿਹਤਰ ਕ੍ਰਿਕਟ ਖੇਡਣਾ ਤੇ ਜਿੱਤਣਾ ਹੀ ਸਾਡਾ ਟੀਚਾ ਹੈ। ਜਦੋਂ ਅਸੀਂ ਜੋਫ੍ਰਾ ਦੇ ਸਾਹਮਣੇ ਹੋਵਾਂਗੇ  ਤਾਂ ਸਾਡੇ ਕੋਲ ਉਸਦਾ ਮੁਕਾਬਲਾ ਕਰਨ ਲਈ ਇਕ ਸ਼ਾਨਦਾਰ ਯੋਜਨਾ ਹੋਵੇਗੀ। ਮੈਂ ਤੇ ਮੇਰੀ ਟੀਮ ਉਸ ਪਲ ਦਾ ਇੰਤਜ਼ਾਰ ਕਰ ਰਹੀ ਹੈ।’’

PunjabKesari

ਵੈਸਟਇੰਡੀਜ਼ ਦੀ 11 ਰਿਜਰਵ ਖਿਡਾਰੀਅਾਂ ਸਮੇਤ ਕੁਲ 25 ਮੈਂਬਰੀ ਟੀਮ ਇਸ ਦੌਰੇ ’ਤੇ ਪਹੁੰਚੀ ਹੈ ਤੇ ਇਸ ਸਮੇਂ ਉਹ ਮਾਨਚੈਸਟਰ ਵਿਚ 14 ਦਿਨ ਦੇ ਜ਼ਰੂਰੀ ਕਅਾਰੰਟਾਈਨ ’ਤੇ ਹੈ। ਰੋਚ ਨੇ ਕਿਹਾ,‘‘ਮੈਂ ਜੋਫ੍ਰਾ ਨੂੰ ਇਕ ਨੌਜਵਾਨ ਦੇ ਰੂਪ ਵਿਚ ਬਾਰਬਾਡੋਸ ਵਿਚ ਘਰੇਲੂ ਕ੍ਰਿਕਟ ਵਿਚ ਖੇਡਦੇ ਹੋਏ ਦੇਖਿਅਾ ਸੀ। ਮੈਂ ਹਮੇਸ਼ਾ ਇਹ ਸੋਚਦਾ ਸੀ ਕਿ ਉਹ ਇਕ ਪ੍ਰਤਿਭਾਸ਼ਾਲੀ ਖਿਡਾਰੀ ਹੈ ਤੇ ਉਸ ਨੇ ਪਿਛਲੇ ਕੁਝ ਸਾਲਾਂ ਵਿਚ ਇਹ ਸਾਬਤ ਵੀ ਕੀਤਾ ਹੈ। ਉਹ ਇੱਥੇ ਅਾਇਅਾ ਤੇ ਉਸ ਨੇ ਸ਼ਾਦਨਾਰ ਕੰਮ ਕੀਤਾ। ਮੈਂ ਉਸ ਨੂੰ ਕਰੀਅਰ ਲਈ  ਸ਼ੁਭਕਾਮਨਾਵਾਂ ਦੇਣਾ ਚਾਹੁੰਦਾ ਹਾਂ।’’ ਪਿਛਲੇ ਕੁਝ ਸਾਲਾਂ ਦੌਰਾਨ ਵੈਸਟਇੰਡੀਜ਼ ਦੀ ਤੇਜ਼ ਗੇਂਦਬਾਜ਼ੀ ਵਿਚ ਜ਼ਬਰਦਸਤ ਸੁਧਾਰ ਦੇਖਣ ਨੂੰ ਮਿਲਿਅਾ ਹੈ। ਰੋਚ ਮੁਤਾਬਕ ਅਜਿਹਾ ਘਰੇਲੂ ਪੱਧਰ ’ਤੇ ਪਿੱਚਾਂ ਵਿਚ ਸੁਧਾਰ ਦੇ ਕਾਰਣ ਸੰਭਵ ਹੋ ਸਕਿਅਾ ਹੈ। ਪਿਛਲੇ ਦਹਾਕੇ ਵਿਚ ਵੈਸਟਇੰਡੀਜ਼ ਵਿਚ ਕ੍ਰਿਕਟ ਪਿੱਚਾਂ ਉਪਮਹਾਦੀਪ ਵਰਗੀਅਾਂ ਹੀ ਤਿਅਾਰ ਹੁੰਦੀਅਾਂ ਸਨ। ਇਹ ਪਿੱਚਾਂ ਬੱਲੇਬਾਜ਼ਾਂ ਦੇ ਅਨੁਕੂਲ ਹੁੰਦੀਅਾਂ ਸਨ। ਇਨ੍ਹਾਂ ਵਿਚ ਤੇਜ਼ੀ ਤੇ ਉਛਾਲ ਬਹੁਤ ਘੱਟ ਹੁੰਦਾ ਸੀ ਪਰ ਵੈਸਟਇੰਡੀਜ਼ ਨੇ ਅਾਪਣੀ ਨੀਤੀ ਵਿਚ ਬਦਲਾਅ ਕਰਦੇ ਹੋਏ ਪਿੱਚਾਂ ਨੂੰ ਤੇਜ਼ ਗੇਂਦਬਾਜ਼ਾਂ ਦੇ ਅਨੁਕੂਲ ਬਣਾਉਣ ਦੀ ਨੀਤੀ ’ਤੇ ਕੰਮ ਕੀਤਾ ਹੈ। ਇਸ ਨੀਤੀ ਦਾ ਕੈਰੇਬੀਅਾਈ ਪ੍ਰੀਮੀਅਰ ਲੀਗ ਨੇ ਵੀ ਸਮਰਥਨ ਕੀਤਾ ਹੈ। ਰੋਚ ਨੇ ਕਿਹਾ ਕਿ ਕੈਰੇਬੀਅਾਈ ਖੇਤਰ ਵਿਚ ਪਿੱਚਾਂ ਵਿਚ ਕਾਫੀ ਸੁਧਾਰ ਹੋਇਅਾ ਹੈ। ਪਿੱਚ ਕਿਊਰੇਟਰਾਂ ਨੇ ਹਰੀਅਾਂ ਤੇ ਉਛਾਲ ਭਰੀਅਾਂ ਪਿੱਚਾਂ ਬਣਾਉਣ ਲਈ ਸ਼ਾਨਦਾਰ ਕੰਮ ਕੀਤਾ ਹੈ। ਇਸ ਵਿਚ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲਦੀ ਹੈ ਤੇ ਉਸਦਾ ਮਨੋਬਲ ਵਧਦਾ ਹੈ। ਸਾਡਾ ਇਤਿਹਾਸ ਦੁਨੀਅਾ ਨੂੰ ਮਹਾਨ ਤੇਜ਼ ਗੇਂਦਬਾਜ਼ ਦੇਣ ਦਾ ਰਿਹਾ ਹੈ। ਅਸੀਂ ਸਿਰਫ ਤੇਜ਼ ਗੇਂਦਬਾਜ਼ੀ ਦੇ ਅਨੁਕੂਲ ਪਿੱਚਾਂ ਚਾਹੀਦੀਅਾਂ ਸਨ। ਪਿਛਲੇ ਕੁਝ ਸਾਲਾਂ ਦੌਰਾਨ ਅਸੀਂ ਸ਼ਾਨਦਾਰ ਕੰਮ ਕੀਤਾ ਹੈ। ਜੇਕਰ ਅਸੀਂ ਇਸੇ ਤਰ੍ਹਾਂ ਹੀ ਮਿਹਨਤ ਕਰਦੇ ਰਹੇ ਤਾਂ ਬਿਹਤਰ ਨਤੀਜੇ ਸਾਹਮਣੇ ਅਾਉਣਗੇ।

PunjabKesari

ਜ਼ਿਕਰਯੋਗ ਹੈ ਕਿ ਸਾਲ 2019 ਦੀ ਸ਼ੁਰੂਅਾਤ ਵਿਚ ਵੈਸਟਇੰਡੀਜ਼ ਨੇ ਅਾਪਣੇ ਘਰੇਲੂ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਇੰਗਲੈਂਡ ਵਿਰੁੱਧ 2-1 ਨਾਲ ਘਰੇਲੂ ਟੈਸਟ ਸੀਰੀਜ਼ ਜਿੱਤੀ ਸੀ। ਕੇਮਾਰ ਰੋਚ, ਸ਼ੈਨਨ ਗੈਬ੍ਰੀਏਲ, ਜੈਸਨ ਹੋਲਡਰ ਤੇ ਨੌਜਵਾਨ ਤੇਜ਼ ਗੇਂਦਬਾਜ਼ ਅਲਜਾਰੀ ਜੋਸਫ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। 31 ਸਾਲਾ ਰੋਚ ਨੇ ਕਿਹਾ ਕਿ ਵੈਸਟਇੰਡੀਜ਼ ਪਿਛਲੇ ਸਾਲ ਹੋਈ ਸੀਰੀਜ਼ ਦੇ ਪ੍ਰਦਰਸ਼ਨ ਨੂੰ ਦੁਹਰਾਉਣਾ ਚਾਹੇਗੀ, ਇਸ ਲਈ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਅਗਲੇ ਮਹੀਨੇ ਸ਼ੁਰੂ ਹੋ ਰਹੀ ਸੀਰੀਜ਼ ਲਈ ਖੁਦ ਨੂੰ ਤਿਅਾਰ ਕਰਨਾ ਪਵੇਗਾ। ਸੀਰੀਜ਼ ਦੇ ਪਹਿਲੇ ਦੋ ਟੈਸਟ ਓਲਡ ਟ੍ਰੈਫਰਡ ਵਿਚ ਹੋਣਗੇ, ਜਿਸ ਦੀਅਾਂ ਪਿੱਚਾਂ ’ਤੇ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲਦੀ ਹੈ। ਰੋਚ ਨੇ ਕਿਹਾ ਕਿ ਕੈਰੇਬੀਅਾਈ ਪਿੱਚਾਂ ਦੇ ਮੁਕਾਬਲੇ ਇੱਥੇ ਹਾਲਾਤ ਵੱਖ ਹੋਣਗੇ। ਗੇਂਦ ਕੁਝ ਸਵਿੰਗ ਹੋਵੇਗੀ, ਇਸ ਲਈ ਉਸ ਨੇ ਅਾਪਣੀਅਾਂ ਯੋਜਨਾਵਾਂ ਨੂੰ ਹਾਲਾਤ ਦੇ ਮੁਤਾਬਕ ਬਣਾਉਣਾ ਪਵੇਗਾ। ਦੱਸ ਦਈਏ ਕਿ ਵੈਸਟਇੰਡੀਜ਼ ਦੀ ਟੀਮ ਵਿਚ 1990 ਦੇ ਦਹਾਕੇ ਵਿਚ ਕਰਟਲੀ ਅੈਬ੍ਰੋਜ਼ ਤੇ ਕਰਟਨੀ ਵਾਲਸ਼ ਵਰਗੇ ਧਾਕੜ ਤੇਜ਼ ਗੇਂਦਬਾਜ਼ ਸਨ। ਇਸ ਦੀ ਮੌਜੂਦਗੀ ਨਾਲ ਟੀਮ ਦੀ ਤੇਜ ਗੇਂਦਬਾਜ਼ੀ ਨੂੰ ਮਜ਼ਬੂਤੀ ਮਿਲਦੀ ਸੀ ਤੇ ਬੱਲੇਬਾਜ਼ਾਂ ਲਈ ਇਨ੍ਹਾਂ ਨੂੰ ਖੇਡਣਾ ਕਾਫੀ ਮੁਸ਼ਕਿਲ ਹੁੰਦਾ ਸੀ। ਦੋਵਾਂ ਗੇਂਦਬਾਜ਼ਾਂ ਦੇ 2000 ਤੇ 2001 ਵਿਚ ਸੰਨਿਅਾਸ ਲੈਣ ਤੋਂ ਬਾਅਦ ਟੀਮ ਦੀ ਤੇਜ਼ ਗੇਂਦਬਾਜ਼ੀ ਦਾ ਪੱਧਰ ਲਗਾਤਾਰ ਡਿੱਗਦਾ ਗਿਅਾ।


Ranjit

Content Editor

Related News