ਵਿੰਡੀਜ਼ ਦੌਰਾ : ਰਿੰਕੂ ਤੇ ਜਿਤੇਸ਼ ਦੀ ਹੋਵੇਗੀ ਟੀਮ ’ਚ ਐਂਟਰੀ, ਦੋ ਤਜਰਬੇਕਾਰ ਕ੍ਰਿਕਟਰਾਂ ਦਾ ਕਟੇਗਾ ਪੱਤਾ

06/12/2023 8:48:19 PM

ਨਵੀਂ ਦਿੱਲੀ– ਭਾਰਤ ਦੀ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਫਾਈਨਲ ’ਚ ਲਗਾਤਾਰ ਦੂਜੀ ਹਾਰ ’ਤੇ ਭਾਵੇਂ ਹੀ ਤੁਰੰਤ ਪ੍ਰਤੀਕਿਰਿਆ ਨਾ ਆਈ ਹੋਵੇ ਪਰ ਅਗਲੇ ਮਹੀਨੇ ਦੋ ਟੈਸਟ ਮੈਚਾਂ ਦੀ ਲੜੀ ਲਈ ਵੈਸਟਇੰਡੀਜ਼ ਦੌਰੇ ’ਤੇ ਜਾਣ ਵਾਲੀ ਟੀਮ ’ਚੋਂ ਤਜਰਬੇਕਾਰ ਖਿਡਾਰੀ ਚੇਤੇਸ਼ਵਰ ਪੁਜਾਰਾ ਤੇ ਉਮੇਸ਼ ਯਾਦਵ ਦਾ ਪੱਤਾ ਕੱਟ ਹੋ ਸਕਦਾ ਹੈ। ਇਨ੍ਹਾਂ ਦੋਵਾਂ ਦੀ ਜਗ੍ਹਾ ਟੀਮ ’ਚ ਯਸ਼ਸਵੀ ਜਾਇਸਵਾਲ ਤੇ ਮੁਕੇਸ਼ ਕੁਮਾਰ ਮਜ਼ਬੂਤ ਦਾਅਵੇਦਾਰ ਹੋਣਗੇ ਕਿਉਂਕਿ ਚੋਣ ਕਮੇਟੀ ਭਵਿੱਖ ਦੇ ਮੁਸ਼ਕਿਲ ਦੌਰਿਆਂ ਲਈ ਖਿਡਾਰੀਆਂ ਦੀ ਅਗਲੀ ਪੀੜ੍ਹੀ ਨੂੰ ਤਿਆਰ ਕਰਨਾ ਸ਼ੁਰੂ ਕਰਨਾ ਚਾਹੇਗੀ।

ਭਾਰਤ ਦਾ ਵੈਸਟਇੰਡੀਜ਼ ਦਾ ਇਕ ਮਹੀਨੇ ਦਾ ਦੌਰਾ ਹੋਵੇਗਾ। ਦੌਰੇ ਦਾ ਆਗਾਜ਼ 12 ਜੁਲਾਈ ਤੋਂ 2 ਟੈਸਟਾਂ ਦੀ ਲੜੀ ਨਾਲ ਹੋਵੇਗਾ। ਟੀਮ ਇਸ ਤੋਂ ਬਾਅਦ 3 ਵਨ ਡੇ ਤੇ 5 ਟੀ-20 ਮੈਚਾਂ ਦੀ ਲੜੀ ਖੇਡੇਗੀ, ਜਿਸ ’ਚ ਹਾਰਦਿਕ ਪੰਡਯਾ ਦੀ ਕਪਤਾਨੀ ’ਚ ਨੌਜਵਾਨ ਖਿਡਾਰੀਆਂ ਦੀ ਟੀਮ ਮੈਦਾਨ ’ਤੇ ਉਤਰੇਗੀ। ਇਸ ਟੀਮ ’ਚ ਆਈ. ਪੀ. ਐੱਲ. ’ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਮੌਕਾ ਮਿਲੇਗਾ।

ਇਹ ਵੀ ਪੜ੍ਹੋ : ODI World Cup : ਭਾਰਤ-ਪਾਕਿ ਵਿਚਾਲੇ ਇਸ ਦਿਨ ਹੋਵੇਗਾ ਮਹਾਮੁਕਾਬਲਾ, ਦੇਖੋ ਟੀਮ ਇੰਡੀਆ ਦਾ ਪੂਰਾ ਸ਼ਡਿਊਲ

ਡਬਲਯੂ. ਟੀ. ਸੀ. ਫਾਈਨਲ ’ਚ ਲਗਾਤਾਰ ਦੂਜੀ ਹਾਰ ਤੋਂ ਬਾਅਦ ਇਸ ਗੱਲ ਦੀ ਕਾਫੀ ਸੰਭਾਵਨਾ ਹੈ ਕਿ ਸ਼ਿਵ ਸੁੰਦਰ ਦਾਸ ਦੀ ਅਗਵਾਈ ਵਾਲੀ ਚੋਣ ਕਮੇਟੀ ਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਅਗਲੇ ਡਬਲਯੂ. ਟੀ. ਸੀ. ਪੜਾਅ ਲਈ ਕੁਝ ਬਦਲਾਂ ’ਤੇ ਵਿਚਾਰ ਕਰਨਗੇ। ਬੀ. ਸੀ. ਸੀ. ਆਈ. ਦੇ ਇਕ ਚੋਣਕਾਰ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਇਸ ਗੱਲ ’ਤੇ ਨਿਰਾਸ਼ਾ ਜਤਾਈ ਹੈ ਕਿ ਪਿਛਲੇ ਸਾਲ ਦਸੰਬਰ ’ਚ ਬੰਗਲਾਦੇਸ਼ ਤੋਂ ਬਾਅਦ ਭਾਰਤ ਦੀ ‘ਏ’ ਟੀਮ ਨੇ ਕੋਈ ਵਿਦੇਸ਼ੀ ਦੌਰਾ ਨਹੀਂ ਕੀਤਾ। ਉਸ ਨੇ ਕਿਹਾ,‘‘ਦੇਖੋ, ਉਮੇਸ਼ ਆਪਣੇ ਕਰੀਅਰ ਦੇ ਆਖਰੀ ਪੜਾਅ ’ਚ ਹੈ ਪਰ ‘ਏ’ ਟੀਮ ਦਾ ਦੌਰਾ ਨਾ ਹੋਣ ਨਾਲ ਤੁਹਾਨੂੰ ਇਹ ਪਤਾ ਨਹੀਂ ਹੁੰਦਾ ਹੈ ਕਿ ਕੌਣ ਉਸਦੀ ਜਗ੍ਹਾ ਲੈਣ ਲਈ ਤਿਆਰ ਹੈ। ਇਕ ਸਮਾਂ ਸੀ ਜਦੋਂ ਸਾਡੇ ਕੋਲ ਮਯੰਕ ਅਗਰਵਾਲ, ਰਿਸ਼ਭ ਪੰਤ, ਹਨੁਮਾ ਵਿਹਾਰੀ, ਮੁਹੰਮਦ ਸਿਰਾਜ, ਨਵਦੀਪ ਸੈਣੀ ਲਗਾਤਾਰ ‘ਏ’ ਟੀਮ ਲਈ ਖੇਡਦੇ ਹੋਏ ਰਾਸ਼ਟਰੀ ਟੀਮ ਲਈ ਤਿਆਰ ਰਹਿੰਦੇ ਸਨ।’’

ਲੋਕੇਸ਼ ਰਾਹੁਲ ਸੱਟ ਕਾਰਨ ਕਦੋਂ ਵਾਪਸੀ ਕਰੇਗਾ, ਇਹ ਤੈਅ ਨਹੀਂ ਹੈ ਤੇ ਉਹ ਟੀਮ ਦੀ ਕਪਤਾਨੀ ਦੀ ਦੌੜ ਵਿਚ ਵੀ ਨਹੀਂ ਹੈ। ਅਜਿਹੇ ਵਿਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਰੋਹਿਤ ਸ਼ਰਮਾ ਮੌਜੂਦਾ ਫਾਰਮ ਤੇ ਫਿਟਨੈੱਸ ਦੇ ਆਧਾਰ ’ਤੇ ਹੋਰ ਦੋ ਸਾਲ ਲਈ ਟੈਸਟ ਕ੍ਰਿਕਟ ਖੇਡੇਗਾ। ਉਹ ਇਸ ਪੜਾਅ ਦੇ ਪੂਰਾ ਹੋਣ ਤਕ 38 ਸਾਲ ਦਾ ਹੋ ਜਾਵੇਗਾ। ਅਜਿਹੇ ਵਿਚ ਟੀਮ ਦੀ ਕਪਤਾਨੀ ਦੀ ਦਾਅਵੇਦਾਰੀ ’ਤੇ ਵੀ ਸਵਾਲ ਉੱਠ ਰਹੇ ਹਨ।
ਵਿੰਡੀਜ਼ ਦੌਰੇ ਨਾਲ ਸਮੱਸਿਆ ਇਹ ਹੈ ਕਿ ਪੁਜਾਰਾ ਜੇਕਰ ਦੌੜਾਂ ਬਣਾਉਂਦਾ ਹੈ ਤਾਂ ਤੁਹਾਨੂੰ ਅਗਲੇ ਸਾਲ ਤਕ ਉਸ ਨੂੰ ਬਾਹਰ ਕਰਨਾ ਮੁਸ਼ਕਿਲ ਹੋਵੇਗਾ। ਟੀਮ ਨੂੰ ਅਗਲਾ ਟੈਸਟ ਦਸੰਬਰ ’ਚ ਖੇਡਣਾ ਹੈ। ਅਜਿਹੇ ਵਿਚ ਜੇਕਰ ਤੁਸੀਂ ਕਿਸੇ ਨੌਜਵਾਨ ਨੂੰ ਮੌਕਾ ਦਿੰਦੇ ਹੋ ਤਾਂ ਉਹ ਆਉਣ ਵਾਲੇ ਸਮੇਂ ਦੀ ਵੱਡੀ ਚੁਣੌਤੀ ਲਈ ਤਿਅਰ ਰਹੇਗਾ।

ਇਹ ਵੀ ਪੜ੍ਹੋ : WTC ਫਾਈਨਲ 'ਚ ਹਾਰ ਮਗਰੋਂ ਭਾਰਤੀ ਟੀਮ ਨੂੰ ਇਕ ਹੋਰ ਝਟਕਾ, ਲੱਗਾ ਪੂਰੀ ਮੈਚ ਫੀਸ ਦਾ ਜੁਰਮਾਨਾ

ਕਈ ਜਾਣਕਾਰ ਮੰਨਦੇ ਹਨ ਕਿ 23 ਸਾਲ ਦੇ ਸ਼ੁਭਮਨ ਗਿੱਲ ਨੂੰ ਕਪਤਾਨੀ ਦੀ ਭੂਮਿਕਾ ਲਈ ਤਿਆਰ ਕਰਨ ਦਾ ਇਹ ਸਹੀ ਸਮਾਂ ਹੈ ਤਾਂ ਉੱਥੇ ਹੀ ਕੁਝ ਦਾ ਮੰਨਣਾ ਹੈ ਕਿ ਸੰਖੇਪ ਸਮੇਂ ਲਈ ਇਹ ਜ਼ਿੰਮੇਵਾਰੀ ਰਵਿੰਦਰ ਜਡੇਜਾ ਨੂੰ ਦਿੱਤੀ ਜਾ ਸਕਦੀ ਹੈ, ਜਿਸ ਦੀ ਜਗ੍ਹਾ ਤਿੰਨੇ ਸਵਰੂਪਾਂ ਦੀ ਟੀਮ ’ਚ ਪੱਕੀ ਹੈ। ਟੀ-20 ਕੌਮਾਂਤਰੀ ਅਜਿਹਾ ਸਵਰੂਪ ਹੈ ਜਿੱਥੇ ਟੀਮ ਚੋਣ ਲਈ ਚੋਣਕਾਰਾਂ ਕੋਲ ਬਦਲ ਦੀ ਕੋਈ ਕਮੀ ਨਹੀਂ ਹੋਵੇਗੀ। ਅਗਲੇ ਸਾਲ ਅਮਰੀਕਾ ਤੇ ਵੈਸਟਇੰਡੀਜ਼ ’ਚ ਹੋਣ ਵਾਲੇ ਇਸ ਸਵਰੂਪ ’ਚ ਹਾਰਦਿਕ ਪੰਡਯਾ ਦਾ ਕਪਤਾਨ ਰਹਿਣਾ ਲਗਭਗ ਤੈਅ ਹੈ। 

ਟੀ-2 ਕੌਮਾਂਤਰੀ ਟੀਮ ’ਚ ਆਈ. ਪੀ. ਐੱਲ. ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਮੌਕਾ ਮਿਲੇਗਾ, ਜਿਸ ਵਿਚ ਰਿੰਕੂ ਸਿੰਘ ਤੇ ਜਿਤੇਸ਼ ਸ਼ਰਮਾ ਵਰਗੇ ਖਿਡਾਰੀਆਂ ਨੂੰ ਜਗ੍ਹਾ ਮਿਲਣਾ ਲਗਭਗ ਤੈਅ ਹੈ। ਟੀਮ ’ਚ ਰਿਤੂਰਾਜ ਗਾਇਕਵਾੜ ਦੀ ਵਾਪਸੀ ਦੇ ਨਾਲ ਜਾਇਸਵਾਲ ਨੂੰ ਮੌਕਾ ਮਿਲ ਸਕਦਾ ਹੈ।
ਆਈ. ਪੀ. ਐੱਲ. ’ਚ 27 ਵਿਕਟਾਂ ਲੈਣ ਵਾਲਾ ਮੋਹਿਤ ਸ਼ਰਮਾ ਵੀ ਟੀਮ ’ਚ ਵਾਪਸੀ ਕਰ ਸਕਦਾ ਹੈ। ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਵਰਗੇ ਖਿਡਾਰੀਆਂ ਨੂੰ ਇਸ ਸਵਰੂਪ ਦੀ ਰਾਸ਼ਟਰੀ ਟੀਮ ’ਚੋਂ ਬਾਹਰ ਕੀਤਾ ਜਾ ਚੁੱਕਾ ਹੈ ਤੇ ਕਾਰਜਭਾਰ ਪ੍ਰਬੰਧਨ ਦੇ ਤਹਿਤ ਮੁਹੰਮਦ ਸ਼ੰਮੀ ਤੇ ਮੁਹੰਮਦ ਸਿਰਾਜ ਨੂੰ ਆਰਾਮ ਮਿਲਣ ਦੀ ਸੰਭਾਵਨਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News