ਵਿੰਬਲਡਨ :ਪ੍ਰਜਨੇਸ਼ ਗੁਣੇਸ਼ਵਰਨ ਪਹਿਲੇ ਹੀ ਦੌਰ ''ਚ ਬਾਹਰ
Wednesday, Jul 03, 2019 - 04:01 AM (IST)

ਲੰਡਨ— ਭਾਰਤ ਦੇ ਪ੍ਰਜਨੇਸ਼ ਗੁਣੇਸ਼ਵਨਰ ਦਾ ਸਾਲ ਦੇ ਤੀਜੇ ਗ੍ਰੈਂਡ ਸਲੇਮ ਵਿੰਬਲਡਨ ਦੇ ਪੁਰਸ਼ ਸਿੰਗਲ ਦੇ ਪਹਿਲੇ ਹੀ ਦੌਰ 'ਚ ਹਾਰ ਦੇ ਨਾਲ ਸਫਰ ਖਤਮ ਹੋ ਗਿਆ। ਵਿਸ਼ਵ ਦੇ 95ਵੇਂ ਨੰਬਰ ਦੇ ਖਿਡਾਰੀ ਗੁਣੇਸ਼ਵਨਰ ਨੂੰ 17ਵੀਂ ਰੈਂਕਿੰਗ ਦੇ ਕੈਨੇਡਾਈ ਖਿਡਾਰੀ ਮਿਲੋਸ ਰਾਓਨਿਕ ਤੋਂ 6-7, 4-6, 2-6 ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਵਿੰਬਲਡਨ ਦੇ ਮੁੱਖ ਡਰਾਅ 'ਚ ਪਹਿਲੀ ਵਾਰ ਖੇਡ ਰਹੇ ਪ੍ਰਜਨੇਸ਼ ਇਸ ਟੂਰਨਾਮੈਂਟ ਦੇ ਸਿੰਗਲ ਵਰਗ ਦੇ ਮੁੱਖ ਡਰਾਅ 'ਚ ਪਹੁੰਚਣ ਵਾਲੇ ਸਿਰਫ ਇਕਮਾਤਰ ਖਿਡਾਰੀ ਵੀ ਹਨ।
ਭਾਰਤੀ ਟੈਨਿਸ ਖਿਡਾਰੀ ਨੂੰ ਪਹਿਲੇ ਹੀ ਦੌਰ 'ਚ 15ਵੀਂ ਸੀਡ ਰਾਓਨਿਕ ਦੀ ਚੁਣੌਤੀ ਝੱਲਣੀ ਪਈ, ਜਿਸ ਨਾਲ ਉਸ ਨੂੰ ਲਗਾਤਾਰ ਸੈੱਟਾਂ 'ਚ ਹਾਰ ਮਿਲੀ। ਮੈਚ ਦੇ ਪਹਿਲੇ ਸੈੱਟ ਦੇ ਸ਼ੁਰੂਆਤੀ 6 ਮੁਕਾਬਲਿਆਂ ਤਕ ਕੋਈ ਵੀ ਖਿਡਾਰੀ ਸਰਵ ਬ੍ਰੇਕ ਨਹੀਂ ਕਰ ਸਕਿਆ ਜਿਸ ਨਾਲ ਇਹ ਸੈੱਟ ਟਾਈਬ੍ਰੇਕ 'ਚ ਪਹੁੰਚ ਗਿਆ। ਜਿੱਥੇ ਆਖਰ 'ਚ ਰਾਓਨਿਕ ਨੇ ਜਿੱਤ ਦਰਜ ਕੀਤੀ। 29 ਸਾਲ ਦੇ ਪ੍ਰਜਨੇਸ਼ ਇੰਡੀਅਨ ਵੇਲਸ 'ਚ ਵਧੀਆ ਪ੍ਰਦਰਸ਼ਨ ਤੋਂ ਬਾਅਦ ਇਸ ਮਹੀਨੇ ਦੇ ਸ਼ਰੂਆਤ 'ਚ ਕਰੀਅਰ ਦੀ ਸਰਵਸ੍ਰੇਸ਼ਠ 84ਵੀਂ ਰੈਂਕਿੰਗ 'ਤੇ ਪਹੁੰਚੇ ਸਨ।