ਆਸਟਰੇਲੀਆ ਦੇ ਇਸ 20 ਸਾਲਾ ਧਾਕੜ ਕ੍ਰਿਕਟਰ ਨੂੰ ਲੈਣਾ ਪਿਆ ਕ੍ਰਿਕਟ ਤੋਂ ਸੰਨਿਆਸ
Friday, Oct 26, 2018 - 03:36 PM (IST)

ਨਵੀਂ ਦਿੱਲੀ— ਆਸਟਰੇਲੀਆ ਦੇ ਯੁਵਾ ਬੱਲੇਬਾਜ਼ ਵਿਲ ਪੁਕੋਵਸਕੀ ਨੇ ਅਣਮਿੱਥੇ ਸਮੇਂ ਲਈ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਵਿਲ ਹਾਲ ਹੀ 'ਚ ਘਰੇਲੂ ਟੂਰਨਾਮੈਂਟ ਸ਼ੇਫੀਲਡ ਸ਼ੀਲਡ ਦੇ ਸ਼ੁਰੂਆਤੀ ਦੌਰ 'ਚ ਵਿਕਟੋਰੀਆ ਟੀਮ ਵੱਲੋਂ ਦੋਹਰਾ ਸੈਂਕੜਾ ਲਗਾ ਕੇ ਸੁਰਖ਼ੀਆਂ 'ਚ ਆਏ ਸਨ। ਵਿਲ ਨੇ ਮਾਨਸਿਕ ਬੀਮਾਰੀ ਦੇ ਇਲਾਜ ਕਰਾਉਣ ਦੇ ਲਈ ਇੰਨਾ ਵੱਡਾ ਫੈਸਲਾ ਲਿਆ ਹੈ। 20 ਸਾਲਾ ਪੁਕੋਵਸਕੀ ਨੇ ਨਿਊ ਸਾਊਥ ਵੇਲਸ ਦੇ ਖਿਲਾਫ ਮੁਕਾਬਲੇ ਤੋਂ ਪਹਿਲਾਂ ਆਪਣਾ ਨਾਂ ਵਾਪਸ ਲੈ ਲਿਆ ਹੈ। ਪੁਕੋਵਸਕੀ ਦੇ ਸੂਬੇ ਨੇ ਵੀ ਪੁਸ਼ਟੀ ਕਰ ਦਿੱਤੀ ਹੈ ਕਿ ਯੁਵਾ ਬੱਲੇਬਾਜ਼ ਲੰਬੇ ਸਮੇਂ ਤਕ ਕ੍ਰਿਕਟ ਐਕਸ਼ਨ ਤੋਂ ਦੂਰ ਰਹਿ ਸਕਦਾ ਹੈ।
ਕ੍ਰਿਕਟ ਵਿਕਟੋਰੀਆ ਦੇ ਮਹਾਪ੍ਰਬੰਧਕ ਸ਼ਾਨ ਗ੍ਰਾਫ ਨੇ ਕਿਹਾ, ''ਵਿਲ ਸ਼ਾਨਦਾਰ ਯੁਵਾ ਖਿਡਾਰੀ ਹੈ ਅਤੇ ਸਾਡੇ ਲਈ ਇਸ ਸਮੇਂ ਉਹ ਕਰਨਾ ਜ਼ਰੂਰੀ ਹੈ ਜੋ ਉਸ ਦੇ ਲਈ ਸਰਵਸ੍ਰੇਸ਼ਠ ਹੈ। ਅਸੀਂ ਲਗਾਤਾਰ ਆਪਣੇ ਮੈਡੀਕਲ ਸਟਾਫ ਦੇ ਨਾਲ ਵਿਲ ਦਾ ਸਮਰਥਨ ਕਰਨ ਲਈ ਕੰਮ ਕਰਾਂਗੇ। ਪੁਕੋਵਸਕੀ ਨੇ ਵਾਕਾ ਮੈਦਾਨ 'ਤੇ ਵੈਸਟਨ ਆਸਟਰੇਲੀਆ ਦੇ ਖਿਲਾਫ 243 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਸੀ। ਇਹ ਉਸ ਦੇ 7 ਪਹਿਲੇ ਦਰਜੇ ਦੇ ਮੈਚਾਂ 'ਚ ਦੂਜਾ ਸੈਂਕੜਾ ਸੀ। ਪੁਕੋਵਸਕੀ ਨੂੰ ਆਪਣੇ ਛੋਟੇ ਜਿਹੇ ਕਰੀਅਰ ਦੌਰਾਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਨ੍ਹਾਂ ਦੇ ਸਿਰ 'ਤੇ ਕਈ ਵਾਰ ਸੱਟ ਲਗ ਚੁੱਕੀ ਹੈ।