ਭਾਰਤ ਵਿਰੁੱਧ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਪਵੇਗਾ : ਰੂਟ
Friday, Jan 22, 2021 - 02:18 AM (IST)
ਗਾਲੇ– ਇੰਗਲੈਂਡ ਦੇ ਕਪਤਾਨ ਜੋ ਰੂਟ ਦਾ ਮੰਨਣਾ ਹੈ ਕਿ ਆਸਟਰੇਲੀਆ ਵਿਰੁੱਧ ਲੜੀ ਵਿਚ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਭਾਰਤ ਦੀ ਜਿੱਤ ਟੈਸਟ ਕ੍ਰਿਕਟ ਲਈ ਸ਼ਾਨਦਾਰ ਸੀ ਤੇ ਉਸਦੀ ਟੀਮ ਨੂੰ ਵਿਰਾਟ ਕੋਹਲੀ ਦੀ ਟੀਮ ਨੂੰ ਉਸੇ ਦੀ ਧਰਤੀ ’ਤੇ ਚੁਣੌਤੀ ਦੇਣ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਪਵੇਗਾ। ਕਪਤਾਨ ਕੋਹਲੀ ਤੋਂ ਇਲਾਵਾ ਕਈ ਜ਼ਖ਼ਮੀ ਸਟਾਰ ਖਿਡਾਰੀਆਂ ਦੇ ਬਿਨਾਂ ਖੇਡ ਰਹੇ ਭਾਰਤ ਨੇ ਫੈਸਲਾਕੁੰਨ ਚੌਥੇ ਟੈਸਟ ਮੈਚ ਵਿਚ ਆਸਟਰੇਲੀਆ ਨੂੰ 3 ਵਿਕਟਾਂ ਨਾਲ ਹਰਾ ਕੇ 4 ਮੈਚਾਂ ਦੀ ਲੜੀ 2-1 ਨਾਲ ਜਿੱਤੀ ਜਦਕਿ ਇਸ ਤੋਂ ਇਕ ਮਹੀਨੇ ਪਹਿਲਾਂ ਟੀਮ ਐਡੀਲੇਡ ਵਿਚ ਆਪਣੇ ਟੈਸਟ ਇਤਿਹਾਸ ਦੀਆਂ 36 ਦੌੜਾਂ ਦੇ ਸਭ ਤੋਂ ਘੱਟ ਸਕੋਰ ’ਤੇ ਸਿਮਟ ਗਈ ਸੀ।
ਇੱਥੇ ਸ਼੍ਰੀਲੰਕਾ ਵਿਰੁੱਧ ਇੰਗਲੈਂਡ ਦੇ ਦੂਜੇ ਟੈਸਟ ਦੀ ਪੂਰਬਲੀ ਸ਼ਾਮ ’ਤੇ ਰੂਟ ਨੇ ਕਿਹਾ,‘‘ਇਹ ਸ਼ੁਰੂਆਤ ਤੋਂ ਲੈ ਕੇ ਅੰਤ ਤਕ ਸ਼ਾਨਦਾਰ ਲੜੀ ਸੀ, ਜਿਸ ਵਿਚ ਕੁਝ ਸ਼ਾਨਦਾਰ ਕ੍ਰਿਕਟ ਖੇਡੀ ਗਈ। ਖਿਡਾਰੀਆਂ ਨੇ ਜਿਸ ਤਰ੍ਹਾਂ ਪ੍ਰਦਰਸ਼ਨ ਕੀਤਾ, ਉਸ ਨਾਲ ਭਾਰਤ ਨੇ ਜ਼ੋਰਦਾਰ ਸੰਘਰਸ਼, ਜਜ਼ਬਾ, ਲਚੀਲਾਪਨ ਤੇ ਆਪਣੀ ਟੀਮ ਦੀ ਗਹਿਰਾਈ ਦਿਖਾਈ।’’
ਇੰਗਲੈਂਡ ਦੇ ਕਪਤਾਨ ਨੇ ਕਿਹਾ,‘‘ ਇਕ ਕ੍ਰਿਕਟ ਪ੍ਰਸ਼ੰਸਕ ਦੇ ਰੂਪ ਵਿਚ ਟੈਸਟ ਕ੍ਰਿਕਟ ਨੂੰ ਦੇਖਦੇ ਹੋਏ ਇਹ ਖੇਡ ਲਈ ਸ਼ਾਨਦਾਰ ਸੀ ਤੇ ਜਦੋਂ ਅਸੀਂ ਭਾਰਤ ਜਾਵਾਂਗੇ ਤਾਂ ਉਹ ਦੌਰਾ ਹੋਰ ਵਧੇਰੇ ਰੋਮਾਂਚਕ ਹੋਵੇਗਾ।’’ ਇੰਗਲੈਂਡ ਦੇ ਭਾਰਤ ਦੌਰੇ ਦੀ ਸ਼ੁਰੂਆਤ 4 ਟੈਸਟਾਂ ਦੀ ਲੜੀ ਨਾਲ ਹੋਵੇਗੀ ਤੇ ਚੇਨਈ ਵਿਚ 5 ਫਰਵਰੀ ਤੋਂ ਪਹਿਲਾ ਟੈਸਟ ਖੇਡਿਆ ਜਾਵੇਗਾ। ਇਸ ਤੋਂ ਬਾਅਦ 5 ਟੀ-20 ਕੌਮਾਂਤਰੀ ਤੇ 3 ਵਨ ਡੇ ਕੌਮਾਂਤਰੀ ਮੈਚਾਂ ਦੀ ਲੜੀ ਹੋਵੇਗੀ।’’
ਰੂਟ ਨੇ ਕਿਹਾ, ‘‘ਉਮੀਦ ਕਰਦਾ ਹਾਂ ਕਿ ਭਾਰਤੀ ਟੀਮ ਆਤਮਵਿਸ਼ਵਾਸ ਨਾਲ ਭਰੀ ਹੋਵੇਗੀ। ਉਸਦੀ ਟੀਮ ਕਾਫੀ ਚੰਗੀ ਹੈ ਤੇ ਉਨ੍ਹਾਂ ਨੂੰ ਪਤਾ ਹੈ ਕਿ ਆਪਣੇ ਘਰੇਲੂ ਹਾਲਾਤ ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ ਕਿਵੇਂ ਕਰਨਾ ਹੈ। ਸਾਨੂੰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਪਵੇਗਾ ਪਰ ਇਹ ਸਾਡੇ ਲਈ ਰੋਮਾਂਚਕ ਲੜੀ ਹੋਵੇਗੀ। ਅਸੀਂ ਲੜੀ ਜਿੱਤਣ ਦੇ ਇਰਾਦੇ ਨਾਲ ਉਥੇ ਜਾਵਾਂਗੇ ਪਰ ਉਥੇ ਪਹੁੰਚਣ ਤੋਂ ਪਹਿਲਾਂ ਸਾਨੂੰ ਕਾਫੀ ਸਖਤ ਮਿਹਨਤ ਕਰਨੀ ਪਵੇਗੀ।’’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।