WI vs IND 2nd ODI : ਵੈਸਟ ਇੰਡੀਜ਼ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ, 1-1 ਨਾਲ ਬਰਾਬਰ ਕੀਤੀ ਸੀਰੀਜ਼

Sunday, Jul 30, 2023 - 02:48 AM (IST)

WI vs IND 2nd ODI : ਵੈਸਟ ਇੰਡੀਜ਼ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ, 1-1 ਨਾਲ ਬਰਾਬਰ ਕੀਤੀ ਸੀਰੀਜ਼

ਸਪੋਰਟਸ ਡੈਸਕ—ਮੇਜ਼ਬਾਨ ਵੈਸਟ ਇੰਡੀਜ਼ ਨੇ ਸ਼ਾਈ ਹੋਪ (ਅਜੇਤੂ 63) ਦੇ ਸ਼ਾਨਦਾਰ ਅਰਧ ਸੈਂਕੜੇ ਤੇ ਕੀਸੀ ਕਾਰਟੀ (ਅਜੇਤੂ 48) ਨਾਲ 5ਵੀਂ ਵਿਕਟ ਲਈ 91 ਦੌੜਾਂ ਦੀ ਸਾਂਝੇਦਾਰੀ ਅਤੇ ਪਹਿਲਾਂ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਮਹਿਮਾਨ ਭਾਰਤੀ ਟੀਮ ਨੂੰ ਮੀਂਹ ਪ੍ਰਭਾਵਿਤ ਦੂਜੇ ਵਨ ਡੇ ’ਚ 6 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ’ਚ 1-1 ਨਾਲ ਬਰਾਬਰੀ ਕਰ ਲਈ। ਵੈਸਟਇੰਡੀਜ਼ ਨੇ ਭਾਰਤੀ ਟੀਮ ਨੂੰ ਇਥੇ 40.5 ਓਵਰਾਂ ’ਚ 181 ਦੌੜਾਂ ’ਤੇ ਸਮੇਟ ਕੇ ਉਕਤ ਟੀਚਾ 36.4 ਓਵਰਾਂ ’ਚ 4 ਵਿਕਟਾਂ ਗੁਆ ਕੇ 182 ਦੌੜਾਂ ਬਣਾ ਕੇ ਹਾਸਲ ਕਰ ਲਿਆ। 

ਇਹ ਖ਼ਬਰ ਵੀ ਪੜ੍ਹੋ : ਪੁਲਸ ਨੂੰ ਮਿਲੀ ਵੱਡੀ ਕਾਮਯਾਬੀ, ਅਲ ਬਦਰ ਦੇ ‘ਹਾਈਬ੍ਰਿਡ’ ਅੱਤਵਾਦੀ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫ਼ਤਾਰ

ਇਸ ਤੋਂ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਭਾਰਤੀ ਟੀਮ ਚੰਗੀ ਸ਼ੁਰੂਆਤ ਦਾ ਫਾਇਦਾ ਨਹੀਂ ਚੁੱਕ ਸਕੀ ਤੇ ਲਗਾਤਾਰ ਵਿਕਟਾਂ ਗੁਆਈਆਂ। ਭਾਰਤੀ ਟੀਮ ਮੈਨੇਜਮੈਂਟ ਦਾ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੂੰ ਆਰਾਮ ਦੇਣ ਦਾ ਫੈਸਲਾ ਉਲਟਾ ਪੈ ਗਿਆ ਕਿਉਂਕਿ ਵਿਸ਼ਵ ਕੱਪ ਟੀਮ ਦੇ ਸੰਭਾਵਿਤ ਖਿਡਾਰੀ ਵੈਸਟਇੰਡੀਜ਼ ਵਿਰੁੱਧ ਰਫ਼ਤਾਰ, ਉਛਾਲ ਤੇ ਟਰਨ ਦਾ ਸਾਹਮਣਾ ਨਹੀਂ ਕਰ ਸਕੇ, ਜਿਸ ਨਾਲ ਟੀਮ 181 ਦੌੜਾਂ ਹੀ ਬਣਾ ਸਕੀ। ਸਲਾਮੀ ਬੱਲੇਬਾਜ਼ ਇਸ਼ਾਨ ਕਿਸ਼ਨ ਨੇ ਇਸ ਸੀਰੀਜ਼ ਦਾ ਆਪਣਾ ਦੂਜਾ ਅਰਧ ਸੈਂਕੜਾ ਬਣਾਇਆ। ਉਸ ਨੇ 55 ਗੇਂਦਾਂ ’ਚ ਇੰਨੀਆਂ ਹੀ ਦੌੜਾਂ ਬਣਾਈਆਂ ਤੇ ਸ਼ੁਭਮਨ ਗਿੱਲ (34) ਦੇ ਨਾਲ ਪਹਿਲੀ ਵਿਕਟ ਲਈ 90 ਦੌੜਾਂ ਜੋੜੀਆਂ ਪਰ ਇਸ ਤੋਂ ਬਾਅਦ ਭਾਰਤੀ ਟੀਮ ਨੇ ਅਗਲੇ 7.3 ਓਵਰਾਂ ’ਚ 23 ਦੌੜਾਂ ’ਤੇ 5 ਵਿਕਟਾਂ ਗੁਆਂ ਦਿੱਤੀਆਂ। ਇਸ ਨਾਲ ਵਿਸ਼ਵ ਕੱਪ ਤੋਂ ਸਿਰਫ 10 ਮੈਚ ਪਹਿਲਾਂ ਰੋਹਿਤ ਤੇ ਕੋਹਲੀ ਨੂੰ ਆਰਾਮ ਦੇਣ ਦੇ ਫੈਸਲਾ ਦਾ ਕੋਈ ਮਤਲਬ ਨਹੀਂ ਦਿਸਿਆ।

ਕਿਸ਼ਨ ਵਿਸ਼ਵ ਕੱਪ ਦੌਰਾਨ ਪਾਰੀ ਦਾ ਆਗਾਜ਼ ਨਹੀਂ ਕਰੇਗਾ ਪਰ ਉਸ ਨੇ ਲਗਾਤਾਰ ਦੂਜਾ ਅਰਧ ਸੈਂਕੜਾ ਲਾ ਕੇ ਦੂਜੇ ਵਿਕਟਕੀਪਰ (ਬਸ਼ਰਤੇ ਲੋਕੇਸ਼ ਰਾਹੁਲ ਵਿਸ਼ਵ ਕੱਪ ਲਈ ਫਿੱਟ ਹੋਵੇ) ਦੇ ਤੌਰ ’ਤੇ ਆਪਣਾ ਦਾਅਵਾ ਮਜ਼ਬੂਤ ਕਰ ਦਿੱਤਾ ਹੈ। ਹਾਲਾਂਕਿ ਇਹ ਸੰਜੂ ਸੈਮਸਨ ਦੇ ਬਾਰੇ ’ਚ ਨਹੀਂ ਕਿਹਾ ਜਾ ਸਕਦਾ, ਜਿਹੜਾ 19 ਗੇਂਦਾਂ ’ਚ 19 ਦੌੜਾਂ ਹੀ ਬਣਾ ਸਕਿਆ ਤੇ ਅਕਸ਼ਰ ਪਟੇਲ (1) ਨੇ ਸੁਨਹਿਰਾ ਮੌਕਾ ਗੁਆ ਦਿੱਤਾ। ਕਾਰਜਕਾਰੀ ਕਪਤਾਨ ਹਾਰਦਿਕ ਪੰਡਯਾ (7) ਵੀ ਵੈਸਟਇੰਡੀਜ਼ ਦੇ ਗੇਂਦਬਾਜ਼ਾਂ ਦੇ ਝਾਂਸੇ ਵਿਚ ਆ ਗਿਆ। ਖੱਬੇ ਤੇ ਸੱਜੇ ਹੱਥ ਦੇ ਬੱਲੇਬਾਜ਼ਾਂ ਦੇ ਤਾਲਮੇਲ ਨੂੰ ਧਿਆਨ ਵਿਚ ਰੱਖਦੇ ਹੋਏ ਤੀਜੇ ਤੇ ਚੌਥੇ ਨੰਬਰ ’ਤੇ ਬੱਲੇਬਾਜ਼ੀ ਲਈ ਦੋਵਾਂ ਨੂੰ ਭੇਜਿਆ ਗਿਆ ਪਰ ਦੋਵੇਂ ਖਿਡਾਰੀ ਜੇਡਨ ਸੀਲਸ, ਅਲਜ਼ਾਰੀ ਜੋਸੇਫ ਤੇ ਰੋਮਾਰੀਓ ਸ਼ੈਫਰਡ ਦੀ ਸ਼ਾਟ ਗੇਂਦ ਰਣਨੀਤੀ ਵਿਰੁੱਧ ਜੂਝਦੇ ਦਿਸੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਲੈੱਗ ਸਪਿਨਰ ਯਾਨਿਕ ਕਾਰੀਆ ਤੇ ਖੱਬੇ ਹੱਥ ਦੇ ਸਪਿਨਰ ਗੁਡਾਕੇਸ਼ ਮੋਤੀ ਦੀਆਂ ਟਰਨ ਤੇ ਉਛਾਲ ਲੈਂਦੀਆਂ ਗੇਂਦਾਂ ਤੋਂ ਵੀ ਪ੍ਰੇਸ਼ਾਨੀ ਹੋਈ।

 


author

Manoj

Content Editor

Related News