ਚੈਂਪੀਅਨਜ਼ ਟਰਾਫੀ 'ਚ ਕਦੋਂ ਭਿੜਨਗੇ ਭਾਰਤ-ਪਾਕਿ, ਸਾਹਮਣੇ ਆਈ ਵੱਡੀ ਅਪਡੇਟ

07/03/2024 8:17:17 PM

ਸਪੋਰਟਸ ਡੈਸਕ : ਅਗਲੇ ਸਾਲ ਆਈਸੀਸੀ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਪਾਕਿਸਤਾਨ ਵਿੱਚ ਹੋਣੀ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਇਸ ਟੂਰਨਾਮੈਂਟ ਦਾ ਸ਼ਡਿਊਲ ਤਿਆਰ ਕਰ ਲਿਆ ਹੈ। ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਹਾਲ ਹੀ ਵਿੱਚ ਸਮਾਪਤ ਹੋਏ ਟੀ-20 ਵਿਸ਼ਵ ਕੱਪ-2024 ਵਿੱਚ ਭਿੜੀਆਂ ਸਨ। ਪ੍ਰਸ਼ੰਸਕ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਸਨ ਕਿ ਇਹ ਦੋਵੇਂ ਟੀਮਾਂ ਕਦੋਂ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ। ਪੀਸੀਬੀ ਵੱਲੋਂ ਬਣਾਏ ਗਏ ਸ਼ਡਿਊਲ ਵਿੱਚ ਇਸ ਨੇ ਆਪਣੀ ਟੀਮ ਅਤੇ ਭਾਰਤ ਨੂੰ ਇੱਕੋ ਗਰੁੱਪ ਵਿੱਚ ਰੱਖਿਆ ਹੈ।

ਇਹ ਟੂਰਨਾਮੈਂਟ 19 ਫਰਵਰੀ ਤੋਂ 9 ਮਾਰਚ ਤੱਕ ਖੇਡਿਆ ਜਾਵੇਗਾ। ਫਾਈਨਲ ਲਈ 10 ਮਾਰਚ ਨੂੰ ਰਾਖਵਾਂ ਦਿਨ ਰੱਖਿਆ ਗਿਆ ਹੈ। ਨਿਊਜ਼ ਏਜੰਸੀ ਪੀਟੀਆਈ ਨੇ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਪੀਸੀਬੀ ਦੁਆਰਾ ਬਣਾਏ ਗਏ ਸ਼ੈਡਿਊਲ ਨੂੰ ਬੀਸੀਸੀਆਈ ਤੋਂ ਮਨਜ਼ੂਰੀ ਮਿਲਣੀ ਬਾਕੀ ਹੈ।

ਕਦੋਂ ਹੋਵੇਗਾ ਭਾਰਤ-ਪਾਕਿ ਵਿਚਾਲੇ ਮੈਚ

ਸ਼ਡਿਊਲ ਮੁਤਾਬਕ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 1 ਮਾਰਚ ਨੂੰ ਲਾਹੌਰ 'ਚ ਰੱਖਿਆ ਗਿਆ ਹੈ। ਭਾਵ ਅੱਜ ਤੋਂ ਤਕਰੀਬਨ ਨੌਂ ਮਹੀਨੇ ਬਾਅਦ ਦੋਵੇਂ ਦੇਸ਼ ਆਹਮੋ-ਸਾਹਮਣੇ ਹੋਣਗੇ। ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨੇ 15 ਮੈਚਾਂ ਦਾ ਸ਼ਡਿਊਲ ਸੌਂਪਿਆ ਹੈ ਅਤੇ ਇਸ ਸ਼ਡਿਊਲ ਵਿੱਚ ਭਾਰਤ ਦੇ ਸਾਰੇ ਮੈਚ ਲਾਹੌਰ ਵਿੱਚ ਰੱਖੇ ਗਏ ਹਨ। ਪੀਟੀਆਈ ਨੇ ਆਪਣੀ ਰਿਪੋਰਟ ਵਿੱਚ ਆਈਸੀਸੀ ਬੋਰਡ ਦੇ ਇੱਕ ਮੈਂਬਰ ਦੇ ਹਵਾਲੇ ਨਾਲ ਕਿਹਾ, "ਪੀਸੀਬੀ ਨੇ ਚੈਂਪੀਅਨਜ਼ ਟਰਾਫੀ ਦੇ 15 ਮੈਚਾਂ ਦਾ ਸ਼ਡਿਊਲ ਸੌਂਪਿਆ ਹੈ। ਸੱਤ ਮੈਚ ਲਾਹੌਰ ਵਿੱਚ, ਤਿੰਨ ਮੈਚ ਕਰਾਚੀ ਵਿੱਚ ਅਤੇ ਪੰਜ ਮੈਚ ਰਾਵਲਪਿੰਡੀ ਵਿੱਚ ਹਨ।"

ਸੂਤਰ ਨੇ ਕਿਹਾ, "ਪਹਿਲਾ ਮੈਚ ਕਰਾਚੀ ਵਿੱਚ ਹੈ ਜਦੋਂ ਕਿ ਇੱਕ ਸੈਮੀਫਾਈਨਲ ਕਰਾਚੀ ਵਿੱਚ ਹੈ ਅਤੇ ਇੱਕ ਰਾਵਲਪਿੰਡੀ ਵਿੱਚ ਹੈ। ਫਾਈਨਲ ਲਾਹੌਰ ਵਿੱਚ ਹੈ। ਸੈਮੀਫਾਈਨਲ (ਜੇ ਟੀਮ ਕੁਆਲੀਫਾਈ ਕਰਦੀ ਹੈ) ਸਮੇਤ ਸਾਰੇ ਭਾਰਤੀ ਮੈਚ ਲਾਹੌਰ ਵਿੱਚ ਹੋਣਗੇ।"

ਗਰੁੱਪ ਇਸ ਤਰ੍ਹਾਂ ਹਨ

ਭਾਰਤ ਨੂੰ ਪਾਕਿਸਤਾਨ, ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਦੇ ਨਾਲ ਗਰੁੱਪ ਏ ਵਿੱਚ ਰੱਖਿਆ ਗਿਆ ਹੈ। ਜਦਕਿ ਆਸਟ੍ਰੇਲੀਆ, ਦੱਖਣੀ ਅਫਰੀਕਾ, ਇੰਗਲੈਂਡ ਅਤੇ ਅਫਗਾਨਿਸਤਾਨ ਨੂੰ ਗਰੁੱਪ-ਬੀ 'ਚ ਰੱਖਿਆ ਗਿਆ ਹੈ। ਹਾਲ ਹੀ ਵਿੱਚ, ਆਈਸੀਸੀ ਇਵੈਂਟਸ ਹੈੱਡ, ਕ੍ਰਿਸ ਟੈਟਲੀ ਨੇ ਇਸਲਾਮਾਬਾਦ ਵਿੱਚ ਪੀਸੀਬੀ ਚੇਅਰਮੈਨ ਨਾਲ ਮੁਲਾਕਾਤ ਕੀਤੀ। ਆਈਸੀਸੀ ਦੀ ਸੁਰੱਖਿਆ ਟੀਮ ਨੇ ਸਾਰੇ ਮੈਦਾਨਾਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।


Tarsem Singh

Content Editor

Related News