ਜਦੋਂ ਹਿਊਜ਼ ਨੇ ਬਾਥਮ ਨੂੰ ਮਗਰਮੱਛਾਂ ਤੋਂ ਬਚਾਇਆ
Saturday, Nov 09, 2024 - 04:01 PM (IST)
ਮੈਲਬੌਰਨ, (ਭਾਸ਼ਾ) ਇੰਗਲੈਂਡ ਦੇ ਮਹਾਨ ਕ੍ਰਿਕਟਰ ਇਆਨ ਬਾਥਮ ਨੇ ਆਸਟ੍ਰੇਲੀਆ ਦੇ ਉੱਤਰੀ ਖੇਤਰ ਵਿਚ ਮਗਰਮੱਛਾਂ ਨਾਲ ਭਰੀ ਨਦੀ ਵਿਚ ਡਿੱਗਣ ਤੋਂ ਬਾਅਦ ਉਸ ਨੂੰ ਬਚਾਉਣ ਲਈ ਆਪਣੇ ਸਾਬਕਾ ਆਸਟ੍ਰੇਲੀਅਨ ਵਿਰੋਧੀ ਮੇਰਵ ਹਿਊਜ਼ ਦਾ ਧੰਨਵਾਦ ਕੀਤਾ ਹੈ। ਇਹ ਘਟਨਾ ਪਿਛਲੇ ਹਫ਼ਤੇ ਵਾਪਰੀ ਜਦੋਂ 68 ਸਾਲਾ ਬਾਥਮ ਚਾਰ ਦਿਨਾਂ ਦੀ ਯਾਤਰਾ ਦੌਰਾਨ ਹਿਊਜ਼ ਅਤੇ ਆਪਣੇ ਕੁਝ ਦੋਸਤਾਂ ਨਾਲ ਮੱਛੀਆਂ ਫੜਨ ਗਿਆ ਸੀ।
ਇਕ ਰਿਪੋਰਟ ਮੁਤਾਬਕ ਡਾਰਵਿਨ ਤੋਂ 200 ਕਿਲੋਮੀਟਰ ਦੱਖਣ-ਪੱਛਮ 'ਚ ਮੋਇਲ ਨਦੀ 'ਚ ਕਿਸ਼ਤੀ ਬਦਲਦੇ ਸਮੇਂ ਬਾਥਮ ਦੀ ਚੱਪਲ ਰੱਸੀ 'ਤੇ ਫਸ ਗਈ ਅਤੇ ਉਹ ਨਦੀ 'ਚ ਡਿੱਗ ਗਿਆ। ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਹਿਊਜ ਨੇ ਤੁਰੰਤ ਕਾਰਵਾਈ ਕੀਤੀ ਅਤੇ ਕੁਝ ਸਾਥੀ ਮਛੇਰਿਆਂ ਨਾਲ ਮਿਲ ਕੇ ਬਾਥਮ ਨੂੰ ਪਾਣੀ 'ਚੋਂ ਬਾਹਰ ਕੱਢ ਲਿਆ। ਬਾਥਮ ਨੂੰ ਵੀ ਸੱਟਾਂ ਲੱਗੀਆਂ ਜਦੋਂ ਉਹ ਪਾਣੀ 'ਚੋਂ ਬਾਹਰ ਕੱਢਦੇ ਸਮੇਂ ਕਿਸ਼ਤੀ ਦੇ ਸਾਈਡ ਨਾਲ ਟਕਰਾ ਗਿਆ।
ਬਾਥਮ ਨੇ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ 'ਤੇ ਪੋਸਟ ਕੀਤਾ, ''ਮੈਂ ਮਗਰਮੱਛਾਂ ਅਤੇ ਬੁੱਲ ਸ਼ਾਰਕਾਂ ਲਈ ਦਿਨ ਦਾ ਭੋਜਨ ਬਣਨ ਵਾਲਾ ਸੀ ਪਰ ਮੇਰੇ ਸਾਥੀਆਂ ਨੇ ਮੈਨੂੰ ਜਲਦੀ ਹੀ ਪਾਣੀ 'ਚੋਂ ਬਾਹਰ ਕੱਢ ਲਿਆ। ਮੈਂ ਇਸ ਦੇ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।'' ਬਾਥਮ ਇਸ ਸਮੇਂ ਭਾਰਤ ਅਤੇ ਆਸਟਰੇਲੀਆ ਵਿਚਾਲੇ 22 ਨਵੰਬਰ ਤੋਂ ਸ਼ੁਰੂ ਹੋ ਰਹੀ ਪੰਜ ਟੈਸਟ ਮੈਚਾਂ ਦੀ ਸੀਰੀਜ਼ 'ਚ ਕੁਮੈਂਟਰੀ ਕਰਨ ਲਈ ਆਸਟ੍ਰੇਲੀਆ 'ਚ ਹਨ।