ਗਰੁੱਪ-1 ’ਚ ਵੈਸਟਇੰਡੀਜ਼ ਨੇ ਬੰਗਲਾਦੇਸ਼ ''ਤੇ 3 ਦੌੜਾਂ ਨਾਲ ਕੀਤੀ ਰੋਮਾਂਚਕ ਜਿੱਤ ਦਰਜ
Saturday, Oct 30, 2021 - 10:52 AM (IST)
ਸ਼ਾਰਜਾਹ– ਸਾਬਕਾ ਚੈਂਪੀਅਨ ਵੈਸਟਇੰਡੀਜ਼ ਨੇ ਟੀ-20 ਵਿਸ਼ਵ ਕੱਪ ਦੇ ਰੋਮਾਂਚਕ ਮੁਕਾਬਲੇ ਵਿਚ ਬੰਗਲਾਦੇਸ਼ ਨੂੰ 3 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਦੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ ਜਦਕਿ ਬੰਗਲਾਦੇਸ਼ ਇਸ ਹਾਰ ਨਾਲ ਲਗਭਗ ਬਾਹਰ ਹੋ ਗਈ ਹੈ। ਲਗਾਤਾਰ ਤੀਜੀ ਵਾਰ ਪਹਿਲਾਂ ਬੱਲੇਬਾਜ਼ੀ ਲਈ ਭੇਜੀ ਗਈ ਕੈਰੇਬੀਆਈ ਟੀਮ ਨੇ ਸੁਪਰ-12 ਗੇੜ ਦੇ ‘ਕਰੋ ਜਾਂ ਮਰੋ’ ਦੇ ਮੈਚ ਵਿਚ 7 ਵਿਕਟਾਂ ’ਤੇ 142 ਦੌੜਾਂ ਬਣਾਈਆਂ। ਉਸ ਦੇ ਨਾਮੀ ਗਿਰਾਮੀ ਬੱਲੇਬਾਜ਼ਾਂ ਨੇ ਹਾਲਾਂਕਿ ਇਕ ਵਾਰ ਫਿਰ ਨਿਰਾਸ਼ ਕੀਤਾ। ਨਿਕੋਲਸ ਪੂਰਨ ਨੇ ਹੀ ਆਖ਼ਰੀ ਓਵਰਾਂ ਵਿਚ ਇਕੱਲੇ ਕਿਲਾ ਸੰਭਾਲਦੇ ਹੋਏ 22 ਗੇਂਦਾਂ ’ਤੇ 40 ਦੌੜਾਂ ਬਣਾਈਆਂ। ਉਸ ਨੇ 4 ਛੱਕੇ ਤੇ 1 ਚੌਕਾ ਲਾ ਕੇ ਵੈਸਟਇੰਡੀਜ਼ ਨੂੰ ਸ਼ਰਮਨਾਕ ਸਕੋਰ ’ਤੇ ਸਿਮਟਣ ਤੋਂ ਬਚਾਇਆ। ਟੀ-20 ਕੌਮਾਂਤਰੀ ਕ੍ਰਿਕਟ ਵਿਚ ਡੈਬਿਊ ਕਰਦੇ ਹੋਏ ਰੋਸਟਨ ਚੇਜ਼ ਨੇ 39 ਦੌੜਾਂ ਬਣਾਈਆਂ।
ਜਵਾਬ ਵਿਚ ਬੰਗਲਾਦੇਸ਼ 20 ਓਵਰਾਂ ਵਿਚ 5 ਵਿਕਟਾਂ ’ਤੇ 139 ਦੌੜਾਂ ਹੀ ਬਣਾ ਸਕੀ। ਵੈਸਟਇੰਜੀਜ਼ ਦੇ ਸਾਰੇ ਗੇਂਦਬਾਜ਼ਾਂ ਨੇ ਇਕ-ਇਕ ਵਿਕਟ ਲਈ। ਤਿੰਨ ਮੈਚਾਂ ਵਿਚੋਂ ਇਕ ਵੀ ਅੰਕ ਨਾ ਬਣਾ ਸਕੀ ਬੰਗਲਾਦੇਸ਼ ਟੂਰਨਾਮੈਂਟ ਵਿਚੋਂ ਬਾਹਰ ਹੋ ਚੁੱਕੀ ਹੈ ਜਦਕਿ ਵੈਸਟਇੰਡੀਜ਼ ਜੇਕਰ ਬਾਕੀ ਮੈਚ ਜਿੱਤ ਲੈਂਦੀ ਹੈ ਅਤੇ ਦੂਜੇ ਮੈਚਾਂ ਵਿਚ ਨਤੀਜੇ ਅਨੁਕੂਲ ਆਉਂਦੇ ਹਨ ਤਾਂ ਉਹ ਸੈਮੀਫਾਈਨਲ ਵਿਚ ਪਹੁੰਚ ਸਕਦੀ ਹੈ।
ਬੰਗਲਾਦੇਸ਼ ਦੀ ਸ਼ੁਰੂਆਤ ਖ਼ਰਾਬ ਰਹੀ ਜਦੋਂ ਸਲਾਮੀ ਬੱਲੇਬਾਜ਼ ਮੁਹੰਮਦ ਨਈਮ (17) ਤੇ ਸ਼ਾਕਿਬ ਅਲ ਹਸਨ (9) ਪਹਿਲੇ ਛੇ ਓਵਰਾਂ ਵਿਚ ਹੀ ਆਊਟ ਹੋ ਗਏ। ਇਸ ਤੋਂ ਬਾਅਦ ਵਿਕਟਕੀਪਰ ਬੱਲੇਬਾਜ਼ ਲਿਟਨ ਦਾਸ (44) ਨੇ ਪਾਰੀ ਸੰਭਾਲੀ। ਆਖ਼ਰੀ 6 ਓਵਰਾਂ ਵਿਚ ਬੰਗਲਾਦੇਸ਼ ਨੂੰ 50 ਦੌੜਾਂ ਦੀ ਲੋੜ ਸੀ ਤੇ ਛੇ ਵਿਕਟਾਂ ਸੁਰੱਖਿਅਤ ਸਨ। ਕਪਤਾਨ ਮਹਿਮੂਦਉੱਲ੍ਹਾ (ਅਜੇਤੂ 31) ਤੇ ਦਾਸ ਫਾਰਮ ਵਿਚ ਲੱਗ ਰਹੇ ਸਨ। ਅਜਿਹੇ ਵਿਚ ਡਵੇਨ ਬ੍ਰਾਵੋ ਨੇ 17ਵੇਂ ਓਵਰ ਵਿਚ 3 ਹੀ ਦੌੜਾਂ ਦਿੱਤੀਆਂ। ਉੱਥੇ ਹੀ 19ਵੇਂ ਓਵਰ ਦੀ ਪਹਿਲੀ ਗੇਂਦ ’ਤੇ ਮਹਿਮੂਦਉੱਲ੍ਹਾ ਨੇ ਉਸ ਨੂੰ ਛੱਕਾ ਲਾਇਆ ਪਰ ਆਖ਼ਰੀ ਗੇਂਦ ’ਤੇ ਉਸ ਨੇ ਦਾਸ ਨੂੰ ਆਊਟ ਕੀਤਾ। ਆਖ਼ਰੀ ਓਵਰ ਵਿਚ 13 ਦੌੜਾਂ ਦੀ ਲੋੜ ਸੀ, ਜਿਹੜੀਆਂ ਮਹਿਮੂਦਉੱਲ੍ਹਾ ਨਹੀਂ ਬਣਾ ਸਕਿਆ।