ਵਿੰਡੀਜ਼ ਨੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾ ਕੇ ਵਨ ਡੇ ਸੀਰੀਜ਼ 3-0 ਨਾਲ ਜਿੱਤੀ
Monday, Mar 15, 2021 - 07:49 PM (IST)
ਨਾਰਥ ਪੁਆਇੰਟ (ਏਂਟੀਗਾ)– ਡੈਰੇਨ ਬ੍ਰਾਵੋ ਦੇ ਚੌਥੇ ਵਨ ਡੇ ਸੈਂਕੜੇ ਦੀ ਮਦਦ ਨਾਲ ਵੈਸਟਇੰਡੀਜ਼ ਨੇ ਸ਼੍ਰੀਲੰਕਾ ਨੂੰ ਤੀਜੇ ਵਨ ਡੇ ਕ੍ਰਿਕਟ ਮੈਚ ਵਿਚ 5 ਵਿਕਟਾਂ ਨਾਲ ਹਰਾ ਕੇ ਸੀਰੀਜ਼ 3-0 ਨਾਲ ਜਿੱਤ ਲਈ। ਬ੍ਰਾਵੋ 47ਵੇਂ ਓਵਰ ਵਿਚ 102 ਦੌੜਾਂ ਬਣਾ ਕੇ ਆਊਟ ਹੋਇਆ। ਉਸ ਸਮੇਂ ਸ਼੍ਰੀਲੰਕਾ ਦੀਆਂ 6 ਵਿਕਟਾਂ 274 ਦੌੜਾਂ ਦੇ ਸਕੋਰ ਨੂੰ ਪਿੱਛੇ ਛੱਡਣ ਲਈ ਵੈਸਟਇੰਡੀਜ਼ ਨੂੰ ਸਿਰਫ 26 ਦੌੜਾਂ ਦੀ ਲੋੜ ਸੀ। ਬ੍ਰਾਵੋ ਨੇ ਕਪਤਾਨ ਕੀਰੋਨ ਪੋਲਾਰਡ ਦੇ ਨਾਲ 80 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਹੜਾ 53 ਦੌੜਾਂ ਬਣਾ ਕੇ ਅਜੇਤੂ ਰਿਹਾ। ਮੇਜ਼ਬਾਨ ਟੀਮ ਨੇ 9 ਗੇਂਦਾਂ ਬਾਕੀ ਰਹਿੰਦਿਆਂ ਮੈਚ ਜਿੱਤਿਆ।
ਇਹ ਖ਼ਬਰ ਪੜ੍ਹੋ- ਓਲੰਪਿਕ ਟਿਕਟ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਤਲਵਾਰਬਾਜ਼ ਬਣੀ ਭਵਾਨੀ ਦੇਵੀ
ਇਸ ਤੋਂ ਪਹਿਲਾਂ ਬ੍ਰਾਵੋ ਤੇ ਸ਼ਾਈ ਹੋਪ ਨੇ ਤੀਜੀ ਵਿਕਟ ਲਈ 109 ਦੌੜਾਂ ਜੋੜੀਆਂ। ਵੈਸਟਇੰਡੀਜ਼ ਨੇ 2 ਵਿਕਟਾਂ 10ਵੇਂ ਓਵਰ ਵਿਚ 39 ਦੌੜਾਂ ’ਤੇ ਗੁਆ ਦਿੱਤੀਆਂ ਸਨ ਪਰ ਇਨ੍ਹਾਂ ਦੋਵਾਂ ਨੇ ਟੀਮ ਨੂੰ ਮੈਚ ਵਿਚ ਵਾਪਸੀ ਦਿਵਾਈ। ਕਪਤਾਨ ਜੈਸਨ ਹੋਲਡਰ ਨੇ 49ਵੇਂ ਓਵਰ ਦੀ ਤੀਜੀ ਗੇਂਦ ’ਤੇ ਛੱਕਾ ਲਾ ਕੇ ਟੀਮ ਨੂੰ ਜਿੱਤ ਤਕ ਪਹੁੰਚਾਇਆ। ਬ੍ਰਾਵੋ ਨੇ ਜੂਨ 2016 ਤੋਂ ਬਾਅਦ ਪਹਿਲਾ ਵਨ ਡੇ ਸੈਂਕੜਾ ਲਾਇਆ। ਉਸ ਸਮੇਂ ਉਸ ਨੇ ਬਾਰਬਾਡੋਸ ਵਿਚ ਦੱਖਣੀ ਅਫਰੀਕਾ ਵਿਰੁੱਧ 102 ਦੌੜਾਂ ਬਣਾਈਆਂ ਸਨ। ਪਹਿਲੇ ਦੋ ਵਨ ਡੇ ਵਿਚ ਉਸ ਨੇ 37 ਅਜੇਤੂ ਤੇ 10 ਦੌੜਾਂ ਦੀ ਪਾਰੀ ਖੇਡੀ ਸੀ। ਪਹਿਲੇ ਮੈਚ ਵਿਚ ਹੋਪ ਨੇ 110 ਤੇ ਦੂਜੇ ਵਿਚ ਐਵਿਨ ਲੂਈਸ ਨੇ 103 ਦੌੜਾਂ ਬਣਾਈਆਂ ਸਨ।
ਇਸ ਤੋਂ ਪਹਿਲਾਂ ਸ਼੍ਰੀਲੰਕਾ ਇਕ ਵਾਰ ਫਿਰ ਟਾਸ ਹਾਰਿਆ ਤੇ ਉਸ ਨੂੰ ਪਹਿਲਾਂ ਬੱਲੇਬਾਜ਼ੀ ਲਈ ਭੇਜਿਆ ਗਿਆ। ਧਨੁਸ਼ਕਾ ਗੁਣਤਿਲਕਾ ਨੇ 36 ਤੇ ਦਿਮੁਥ ਕਰੁਣਾਰਤਨੇ ਨੇ 31 ਦੌੜਾਂ ਬਣਾਈਆਂ ਪਰ ਮੱਧਕ੍ਰਮ ਉਸਦਾ ਫਾਇਦਾ ਨਹੀਂ ਚੁੱਕ ਸਕਿਆ। ਸ਼੍ਰੀਲੰਕਾ ਦਾ ਸਕੋਰ 32ਵੇਂ ਓਵਰ ਵਿਚ 6 ਵਿਕਟਾਂ ’ਤੇ 151 ਦੌੜਾਂ ਸੀ। ਇਸ ਤੋਂ ਬਾਅਦ ਐਸ਼ਨ ਬੰਡਾਰਾ ਤੇ ਵਿਨਾਂਦ ਹਸਰੰਗਾ ਨੇ ਸੱਤਵੀਂ ਵਿਕਟ ਲਈ 123 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਟੀਮ ਨੂੰ ਸਨਮਾਨਜਕ ਸਕੋਰ ਤਕ ਪਹੁੰਚਾਇਆ। ਬੰਡਾਰਾ 55 ਦੌੜਾਂ ਬਣਾ ਕੇ ਅਜੇਤੂ ਰਿਹਾ ਜਦਕਿ ਹਸਰੰਗਾ ਨੇ 60 ਗੇਂਦਾਂ ਵਿਚ 7 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ ਅਜੇਤੂ 80 ਦੌੜਾਂ ਬਣਾਈਆਂ। ਦੋਵੇਂ ਟੀਮਾਂ ਅਗਲੇ ਹਫਤੇ ਤੋਂ ਦੋ ਟੈਸਟ ਮੈਚਾਂ ਦੀ ਲੜੀ ਖੇਡੇਗੀ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।