WI vs PAK : ਵੈਸਟਇੰਡੀਜ਼ ਨੇ ਜਿੱਤਿਆ ਟੈਸਟ, ਪਾਕਿਸਤਾਨ ’ਤੇ ਦਰਜ ਕੀਤੀ ਰੋਮਾਂਚਕ ਜਿੱਤ
Monday, Aug 16, 2021 - 05:43 PM (IST)
ਕਿੰਗਸਟਨ— ਤਜਰਬੇਕਾਰ ਤੇਜ਼ ਗੇਂਦਬਾਜ਼ ਕੇਮਾਰ ਰੋਚ ਤੇ ਯੁਵਾ ਜੇਡੇਨ ਸੀਲਸ ਵਿਚਾਲੇ 17 ਦੌੜਾਂ ਦੀ ਅਣਮੁੱਲੀ ਸਾਂਝੇਦਾਰੀ ਦੇ ਦਮ ’ਤੇ ਵੈਸਟਇੰਡੀਜ਼ ਨੇ ਪਹਿਲੇ ਕ੍ਰਿਕਟ ਟੈਸਟ ’ਚ ਪਾਕਿਸਤਾਨ ’ਤੇ ਇਕ ਵਿਕਟ ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਸੀਲਸ ਨੇ ਪਹਿਲਾਂ 55 ਦੌੜਾਂ ਦੇ ਕੇ 5 ਵਿਕਟਾਂ ਲਈਆਂ ਸਨ। ਵੈਸਟਇੰਡੀਜ਼ ਨੇ ਪਾਕਿਸਤਾਨ ਨੂੰ ਦੂਜੀ ਪਾਰੀ ’ਚ 203 ਦੌੜਾਂ ’ਤੇ ਆਊਟ ਕਰਕੇ 167 ਦੌੜਾਂ ਦੀ ਬੜ੍ਹਤ ਲਈ। ਮੇਜ਼ਬਾਨ ਟੀਮ ਦੇ ਤਿੰਨ ਵਿਕਟ 16 ਦੌੜਾਂ ’ਤੇ ਡਿੱਗ ਗਏ ਜਿਸ ਤੋਂ ਬਾਅਦ ਜਰਮੇਈਨ ਬਲੈਕਵੁੱਡ ਨੇ ਅਰਧ ਸੈਂਕੜਾ ਜੜ ਕੇ ਟੀਮ ਨੂੰ 6 ਵਿਕਟਾਂ ’ਤੇ 111 ਦੌੜਾਂ ’ਤੇ ਪਹੁੰਚਾਇਆ।
ਮੈਚ ਬਰਾਬਰੀ ’ਤੇ ਸੀ ਪਰ ਚਾਹ ਤੋਂ ਠੀਕ ਪਹਿਲਾਂ ਜੈਸਨ ਹੋਲਡਰ ਆਊਟ ਹੋ ਗਏ ਜਿਸ ਨਾਲ ਵੈਸਟਇੰਡੀਜ਼ ਦਾ ਸਕੋਰ 7 ਵਿਕਟਾਂ ’ਤੇ 114 ਦੌੜਾਂ ਹੋ ਗਿਆ ਤੇ ਉਸ ਨੂੰ ਜਿੱਤ ਲਈ 54 ਦੌੜਾਂ ਚਾਹੀਦੀਆਂ ਸਨ। ਆਖ਼ਰੀ ਸੈਸ਼ਨ ’ਚ ਰੋਚ ਨੇ ਜੋਸ਼ੁਆ ਡਾ ਸਿਲਵਾ ਦੇ ਨਾਲ 28 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਸੀਲਸ ਦੇ ਨਾਲ ਅਹਿਮ ਸਾਂਝੇਦਾਰੀ ਕਰਕੇ ਮੇਜ਼ਬਾਨ ਨੂੰ ਜਿੱਤ ਤਕ ਪਹੁੰਚਾਇਆ। ਰੋਚ ਨੇ 30 ਦੌੜਾਂ ਦੀ ਅਜੇਤੂ ਪਾਰੀ ਨੂੰ ਆਪਣੇ 66 ਟੈਸਟ ਦੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਦੱਸਿਆ। ਪਾਕਿਸਤਾਨ ਦੇ ਸ਼ਾਹੀਨ ਅਫ਼ਰੀਦੀ ਨੇ 50 ਦੌੜਾਂ ਦੇ ਕੇ ਚਾਰ ਤੇ ਹਸਨ ਅਲੀ ਨੇ 37 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।