ਅਸੀਂ 3-0 ਨਾਲ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰਾਂਗੇ : ਮਿਤਾਲੀ

Wednesday, Jan 30, 2019 - 12:14 AM (IST)

ਮਾਓਂਟ ਮੌਂਗਾਨੂਈ— ਕਪਤਾਨ ਮਿਤਾਲੀ ਰਾਜ ਨੇ ਮੰਗਲਵਾਰ ਨੂੰ ਦੂਜੇ ਵਨ ਡੇ 'ਚ ਜਿੱਤ ਤੋਂ ਬਾਅਦ ਕਿਹਾ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਟੀਚਾ ਨਿਊਜ਼ੀਲੈਂਡ ਵਿਰੁੱਧ ਇਸ ਸੀਰੀਜ਼ 'ਚ ਕਲੀਨ ਸਵੀਪ ਕਰਨ 'ਤੇ ਹੈ। ਭਾਰਤੀ ਟੀਮ ਨੇ 3 ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ 8 ਵਿਕਟਾਂ ਨਾਲ ਜਿੱਤ ਲਿਆ। ਇਸ ਤੋਂ ਪਹਿਲਾਂ ਪਹਿਲੇ ਵਨ ਡੇ 'ਚ 9 ਵਿਕਟਾਂ ਨਾਲ ਹਰਾਇਆ ਸੀ। ਤੀਜਾ ਵਨ ਡੇ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ। ਮਿਤਾਲੀ ਨੇ ਕਿਹਾ ਸਾਡੀਆਂ ਨਜ਼ਰਾਂ ਹੁਣ 3-0 ਨਾਲ ਕਲੀਨ ਸਵੀਪ 'ਤੇ ਹੈ। ਇਸ ਦੇ ਨਾਲ ਹੀ ਅਸੀਂ ਨੌਜਵਾਨ ਖਿਡਾਰੀਆਂ ਨੂੰ ਮੌਕਾ ਦੇਣਾ ਚਾਹਾਂਗੇ। ਭਾਰਤੀ ਚੋਟੀ ਕ੍ਰਮ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਟੀਮ ਦੀ ਸਟਾਰ ਬੱਲੇਬਾਜ਼ ਹਰਮਨਪ੍ਰੀਤ ਕੌਰ ਨੂੰ ਹੁਣ ਤੱਕ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲਿਆ ਤੇ ਨਾ ਹੀ ਬੱਲੇਬਾਜ਼ਾਂ ਨੂੰ ਪਰਖਣ ਦਾ ਪੂਰਾ ਮੌਕਾ ਮਿਲਿਆ। 
ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ (23 ਦੌੜਾਂ 'ਤੇ 3 ਵਿਕਟਾਂ) ਦੀ ਅਗਵਾਈ 'ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਓਪਨਰ ਸਮ੍ਰਿਤੀ ਮੰਧਾਨਾ (ਅਜੇਤੂ 90) ਦੀ ਹਮਲਾਵਰ  ਪਾਰੀ ਤੇ ਕਪਤਾਨ ਮਿਤਾਲੀ ਰਾਜ (ਅਜੇਤੂ 63) ਦੀ ਪਾਰੀ ਦੇ ਦਮ 'ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਨੂੰ ਦੂਜੇ ਵਨ ਡੇ ਵਿਚ ਮੰਗਲਵਾਰ ਨੂੰ ਇਕਪਾਸੜ ਅੰਦਾਜ਼ 'ਚ 8 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ 'ਚ 2-0 ਨਾਲ ਅਜੇਤੂ ਬੜ੍ਹਤ ਬਣਾਉਣ ਦੇ ਨਾਲ ਹੀ ਇਤਿਹਾਸ ਰਚ ਦਿੱਤਾ। ਭਾਰਤ ਨੇ ਆਈ. ਸੀ. ਸੀ. ਚੈਂਪੀਅਨਸ਼ਿਪ ਦੇ ਤਹਿਤ ਖੇਡੇ ਗਏ ਇਸ ਮੁਕਾਬਲੇ ਵਿਚ ਨਿਊਜ਼ੀਲੈਂਡ ਨੂੰ 44.2 ਓਵਰਾਂ ਵਿਚ 161 ਦੌੜਾਂ 'ਤੇ ਢੇਰ ਕਰਨ ਤੋਂ ਬਾਅਦ 35.2 ਓਵਰਾਂ ਵਿਚ ਹੀ 2 ਵਿਕਟਾਂ 'ਤੇ 166 ਦੌੜਾਂ ਬਣਾ ਕੇ ਸੀਰੀਜ਼ ਆਪਣੇ ਨਾਂ ਕਰ ਲਈ।


Related News