ਅਸੀਂ ਬਿਨਾਂ ਦਬਾਅ ਦੇ ਵਰਲਡ ਕੱਪ ਦਾ ਮਜ਼ਾ ਲੈਣਾ ਚਾਹੁੰਦੇ ਹਾਂ : ਹਰਮਨਪ੍ਰੀਤ
Saturday, Sep 27, 2025 - 12:15 AM (IST)

ਬੈਂਗਲੁਰੂ (ਭਾਸ਼ਾ)- ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਅਗਲੇ ਆਈ. ਸੀ. ਸੀ. ਮਹਿਲਾ ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਪ੍ਰਸ਼ੰਸਕਾਂ ਦੀਆਂ ਉਮੀਦਾਂ ਬਾਰੇ ਪਤਾ ਹੈ ਪਰ ਉਹ ਪਹਿਲੀ ਵਾਰ ਖਿਤਾਬ ਜਿੱਤਣ ਦੇ ਦਬਾਅ ’ਚ ਆਏ ਬਿਨਾਂ ਇਸ ਪਲ ਦਾ ਮਜ਼ਾ ਚੁੱਕਣਾ ਚਾਹੁੰਦੀ ਹੈ।
ਭਾਰਤ ਟੂਰਨਾਮੈਂਟ ’ਚ ਆਪਣੇ ਅਭਿਆਨ ਦੀ ਸ਼ੁਰੂਆਤ 30 ਅਕਤੂਬਰ ਨੂੰ ਗੁਹਾਟੀ ’ਚ ਸ਼੍ਰੀਲੰਕਾ ਖਿਲਾਫ ਮੈਚ ਨਾਲ ਕਰੇਗਾ। ਹਰਮਨਪ੍ਰੀਤ ਨੇ ਆਈ. ਸੀ. ਸੀ. ਵੱਲੋਂ ਆਯੋਜਿਤ ਕਪਤਾਨਾਂ ਦੀ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਆਪਣੇ ਦੇਸ਼ ਦੀ ਕਪਤਾਨੀ ਕਰਨੀ ਕਿਸੇ ਵੀ ਖਿਡਾਰੀ ਲਈ ਹਮੇਸ਼ਾ ਇਕ ਖਾਸ ਪਲ ਹੁੰਦਾ ਹੈ। ਵਨਡੇ ਵਿਸ਼ਵ ਕੱਪ ’ਚ ਆਪਣੇ ਦੇਸ਼ ਦੀ ਕਪਤਾਨੀ ਕਰਨੀ ਹੋਰ ਵੀ ਖਾਸ ਹੁੰਦੀ ਹੈ। ਉਸ ਤੋਂ ਵੀ ਵਧ ਕੇ ਇਹ ਘਰੇਲੂ ਵਿਸ਼ਵ ਕੱਪ ਹੈ। ਇਸ ਲਈ ਇਹ ਹੋਰ ਵੀ ਵਿਸ਼ੇਸ਼ ਹੈ। ਮੇਰਾ ਮਤਲਬ ਹੈ, ਇਹ ਅਵਿਸ਼ਵਾਸ਼ਯੋਗ ਹੈ।
ਜਦੋਂ ਮੈਂ ਖੇਡਣਾ ਸ਼ੁਰੂ ਕੀਤਾ ਸੀ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਆਪਣੇ ਦੇਸ਼ ਦੀ ਕਪਤਾਨੀ ਕਰਨ ਦਾ ਮੌਕਾ ਮਿਲੇਗਾ। ਇਹ ਬੱਸ ਇਕ ਸੁਪਨਾ ਹੀ ਸੀ। ਵਨਡੇ ਵਿਸ਼ਵ ਕੱਪ 12 ਸਾਲ ਬਾਅਦ ਭਾਰਤ ’ਚ ਹੋ ਰਿਹਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਹ ਸਾਡੇ ਸਾਰਿਆਂ ਲਈ ਬੇਹੱਦ ਸ਼ਾਨਦਾਰ ਹੋਣ ਵਾਲਾ ਹੈ। ਅਸੀਂ ਦਬਾਅ ਲਏ ਬਿਨਾਂ ਇਸ ਪਲ ਦਾ ਮਜ਼ਾ ਉਠਾਉਣਾ ਚਾਹੁੰਦੇ ਹਾਂ।