ਸਾਨੂੰ ਇਹ ਪਤਾ ਕਰਨਾ ਪਵੇਗਾ ਕਿ ਬੱਲੇਬਾਜ਼ੀ ਇਕਾਈ ਦੇ ਰੂਪ ’ਚ ਸਾਡੇ ਤੋਂ ਕਿੱਥੇ ਗਲਤੀ ਹੋਈ : ਸ਼ੈਫਾਲੀ
Tuesday, Sep 01, 2026 - 10:36 AM (IST)
ਦੁਬਈ : ਭਾਰਤੀ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਨੇ ਕਿਹਾ ਕਿ ਥਾਈਲੈਂਡ ਦੀ ਕਮਜ਼ੋਰ ਟੀਮ ਵਿਰੁੱਧ ਮਹਿਲਾ ਏਸ਼ੀਆ ਕੱਪ ਦੇ ਪਹਿਲੇ ਮੈਚ ’ਚ 94 ਦੌੜਾਂ ਦੀ ਆਸਾਨ ਜਿੱਤ ਦੇ ਬਾਵਜੂਦ ਟੀਮ ਦੀ ਬੱਲੇਬਾਜ਼ੀ ਇਕਾਈ ਨੂੰ ਟਰਨ ਲੈਂਦੀਆਂ ਪਿੱਚਾਂ ’ਤੇ ਆਪਣੀਆਂ ਕਮੀਆਂ ਦਾ ਮੁਲਾਂਕਣ ਕਰਨਾ ਪਵੇਗਾ। ਸ਼ੈਫਾਲੀ ਨੇ 36 ਗੇਂਦਾਂ ’ਚ 64 ਦੌੜਾਂ ਬਣਾ ਕੇ ਭਾਰਤ ਨੂੰ ਚੰਗੀ ਸ਼ੁਰੂਆਤ ਦਿੱਤੀ। ਉਸ ਦੀ ਪਾਰੀ ’ਚ 8 ਚੌਕੇ ਤੇ 3 ਛੱਕੇ ਸ਼ਾਮਲ ਸਨ ਪਰ ਭਾਰਤ ਦੇ ਮੱਧਕ੍ਰਮ ਦੇ ਬੱਲੇਬਾਜ਼ ਨਹੀਂ ਚੱਲ ਸਕੇ। 1 ਵਿਕਟ ’ਤੇ 91 ਦੌੜਾਂ ਤੋਂ ਬਾਅਦ ਉਸ ਦਾ ਸਕੋਰ ਜਲਦ ਹੀ 6 ਵਿਕਟਾਂ ’ਤੇ 127 ਦੌੜਾਂ ਹੋ ਗਿਆ ਤੇ ਆਖਿਰ ’ਚ ਉਸ ਨੇ 9 ਵਿਕਟਾਂ ’ਤੇ 159 ਦੌੜਾਂ ਬਣਾਈਆਂ।
ਥਾਈਲੈਂਡ ਦੀ ਟੀਮ ਇਸ ਦੇ ਜਵਾਬ ’ਚ 65 ਦੌੜਾਂ ’ਤੇ ਆਊਟ ਹੋ ਗਈ। ਸ਼ੈਫਾਲੀ ਨੇ ਮੈਚ ਤੋਂ ਬਾਅਦ ਕਿਹਾ, ‘‘ਅਸੀਂ ਇਸ ’ਤੇ ਧਿਆਨ ਦੇਵਾਂਗੇ ਕਿ ਬੱਲੇਬਾਜ਼ੀ ’ਚ ਸਾਡੇ ਤੋਂ ਕਿੱਥੇ ਗਲਤੀਆਂ ਹੋ ਰਹੀਆਂ ਹਨ ਤੇ ਅਸੀਂ ਕਿੱਥੇ ਸੁਧਾਰ ਕਰ ਸਕਦੇ ਹਾਂ। ਅੱਜ ਦਾ ਮੈਚ ਖਤਮ ਹੋ ਗਿਆ ਹੈ ਤੇ ਅਸੀਂ ਬਹੁਤ ਚੰਗਾ ਪ੍ਰਦਰਸ਼ਨ ਕੀਤਾ। ਵਾਪਸ ਜਾਣ ’ਚ ਅਸੀਂ ਇਸ ’ਤੇ ਵਿਚਾਰ-ਵਟਾਂਦਰਾ ਕਰਾਂਗੇ ਕਿ ਅਸੀਂ ਕੀ ਸੁਧਾਰ ਕਰ ਸਕਦੇ ਹਾਂ ਤੇ ਟੀਮ ਲਈ ਹੋਰ ਕੀ ਯੋਗਦਾਨ ਦੇ ਸਕਦੇ ਹਾਂ।’’
