18 ਸਾਲਾ ਮੁਸੇਟੀ ਤੋਂ ਹਾਰ ਕੇ ਵਾਵਰਿੰਕਾ ਇਟਾਲੀਅਨ ਓਪਨ ਤੋਂ ਬਾਹਰ

Wednesday, Sep 16, 2020 - 08:56 PM (IST)

18 ਸਾਲਾ ਮੁਸੇਟੀ ਤੋਂ ਹਾਰ ਕੇ ਵਾਵਰਿੰਕਾ ਇਟਾਲੀਅਨ ਓਪਨ ਤੋਂ ਬਾਹਰ

ਰੋਮ– 3 ਵਾਰ ਦੇ ਗ੍ਰੈਂਡ ਸਲੈਮ ਜੇਤੂ ਸਵਿਟਜ਼ਰਲੈਂਡ ਦੇ ਸਟੈਨੀਸਲਾਸ ਵਾਵਰਿੰਕਾ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਰਾਊਂਡ ’ਚ ਇਟਲੀ ਦੇ 18 ਸਾਲਾ ਖਿਡਾਰੀ ਲੋਰੇਂਜੋ ਮੁਸੇਟੀ ਤੋਂ ਲਗਾਤਾਰ ਸੈੱਟਾਂ ’ਚ ਹਾਰ ਕੇ ਬਾਹਰ ਹੋ ਗਏ। 10ਵਾਂ ਦਰਜਾ ਹਾਸਲ ਅਤੇ ਟੂਰਨਾਮੈਂਟ ਦੇ ਸਭ ਤੋਂ ਵੱਡੀ ਉਮਰ ਦੇ ਖਿਡਾਰੀ 35 ਸਾਲਾ ਵਾਵਰਿੰਕਾ ਨੂੰ ਦੁਨੀਆ ਦੇ 249ਵੇਂ ਰੈਂਕ ਦੇ ਖਿਡਾਰੀ ਮੁਸੇਟੀ ਨੇ 6-0, 7-6 ਨਾਲ ਹਰਾਇਆ। ਮੁਸੇਟੀ ਅਗਲੇ ਦੌਰ ’ਚ ਜਾਪਾਨ ਦੇ ਨਿਸ਼ੀਕੋਰੀ ਨਾਲ ਭਿੜੇਗਾ।
ਉੱਧਰ ਰੂਸ ਦੇ ਆਂਦ੍ਰੇਈ ਰੁਬਲੇਵ ਨੇ ਅਰਜਨਟੀਨਾ ਦੇ ਕੁਆਲੀਫਾਇਰ ਫਾਕੁੰਡੋ ਬੈਗਨੀਸ ਨੂੰ ਲਗਾਤਾਰ ਸੈੱਟਾਂ ’ਚ 6-4, 6-4 ਨਾਲ ਹਰਾਇਆ। 12ਵਾਂ ਦਰਜਾ ਹਾਸਲ ਡੈਨਿਸ ਸ਼ਾਪੋਵਾਲੋਵ ਨੇ ਅਰਜਨਟੀਨਾ ਦੇ ਗੁਈਡੋ ਪੇਲਾ ਨੂੰ 6-2, 6-3 ਨਾਲ ਹਰਾਇਆ ਜਦਕਿ 13ਵਾਂ ਦਰਜਾ ਹਾਸਲ ਕੈਨੇਡਾ ਦੇ ਮਿਲੋਸ ਰਾਓਨਿਕ ਨੇ ਫ੍ਰਾਂਸ ਦੇ ਐਡ੍ਰੀਅਨ ਮੇਨੇਰਿਨੋ ਨੂੰ 7-6, 6-2 ਨਾਲ ਹਰਾਇਆ। ਇਸ ਟੂਰਨਾਮੈਂਟ ’ਚ ਚੋਟੀ ਦਾ ਦਰਜਾ ਹਾਸਲ ਸਰਬੀਆ ਦੇ ਨੋਵਾਕ ਜੋਕੋਵਿਚ ਅਤੇ ਪਿਛਲੇ ਚੈਂਪੀਅਨ ਸਪੇਨ ਦੇ ਰਾਫੇਲ ਨਡਾਲ ਨੂੰ ਪਹਿਲੇ ਰਾਊਂਡ ’ਚ ਬਾਈ ਮਿਲੀ ਹੈ ਅਤੇ ਉਹ ਆਪਣੀ ਮੁਹਿੰਮ ਦੀ ਸ਼ੁਰੂਆਤ ਬੁੱਧਵਾਰ ਨੂੰ ਕਰਨਗੇ।
ਮਹਿਲਾ ਵਰਗ ’ਚ ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰਣ ਅਤੇ 15ਵਾਂ ਦਰਜਾ ਹਾਸਲ ਐਂਜੇਲਿਕ ਕਰਬਰ ਨੂੰ ਪਹਿਲੇ ਹੀ ਰਾਊਂਡ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਚੈੱਕ ਗਣਰਾਜ ਦੀ ਕੈਟਰੀਨਾ ਸਿਨਿਆਕੋਵਾ ਨੇ 6-3, 6-1 ਨਾਲ ਹਰਾਇਆ। 9ਵਾਂ ਦਰਜਾ ਹਾਸਲ ਸਪੇਨ ਦੀ ਗਰਬਾਈਨ ਮੁਗੁਰੂਜ਼ਾ ਨੇ ਅਮਰੀਕਾ ਦੀ ਨੌਜਵਾਨ ਖਿਡਾਰਣ ਸਲੋਏਨ ਸਟੀਫਨਜ਼ ਨੂੰ 6-3, 6-3 ਨਾਲ ਹਰਾਇਆ ਜਦਕਿ ਸਾਬਕਾ ਫ੍ਰੈਂਚ ਓਪਨ ਜੇਤੂ ਸਵੇਤਲਾਨਾ ਕੁਜਨੇਤਸੋਵਾ ਨੇ ਇਕ ਸਖਤ ਮੁਕਾਬਲੇ ’ਚ ਅਮਰੀਕਾ ਦੀ ਬਰਨਾਡਰ ਪੇਰਾ ਨੂੰ 3-6, 7-6, 6-3 ਨਾਲ ਹਰਾਇਆ।


author

Gurdeep Singh

Content Editor

Related News