ਬੈਂਗਲੁਰੂ ’ਚ ਜਲ ਸੰਕਟ ਦਾ ਅਸਰ ਆਈ. ਪੀ. ਐੱਲ. ਦੇ ਪਹਿਲੇ ਪੜਾਅ ਦੇ ਤਿੰਨ ਮੈਚਾਂ ’ਚ ਨਹੀਂ ਪਵੇਗਾ : ਕੇ. ਐੱਸ. ਸੀ. ਏ.
Wednesday, Mar 13, 2024 - 12:07 PM (IST)
ਬੈਂਗਲੁਰੂ, (ਭਾਸ਼ਾ)– ਕਰਨਾਟਕ ਰਾਜ ਕ੍ਰਿਕਟ ਸੰਘ (ਕੇ. ਐੱਸ. ਸੀ. ਏ.) ਨੇ ਮੰਗਲਵਾਰ ਨੂੰ ਕਿਹਾ ਕਿ ਬੈਂਗਲੁਰੂ ’ਚ ਜਲ ਸੰਕਟ ਦਾ ਅਸਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਸ਼ੁਰੂਆਤੀ ਤਿੰਨ ਮੈਚਾਂ ’ਚ ਨਹੀਂ ਪਵੇਗਾ ਕਿਉਂਕਿ ਚਿੰਨਾਸਵਾਮੀ ਸਟੇਡੀਅਮ ਦੇ ਸੀਵਰੇਜ ਪਲਾਂਟ ਦਾ ਪਾਣੀ ਮੈਦਾਨ ਦੇ ਆਊਟਫੀਲਡ ਤੇ ਪਿੱਚ ਲਈ ਉਪਯੋਗ ਕੀਤਾ ਜਾਵੇਗਾ।
ਬੈਂਗਲੁਰੂ ਪਿਛਲੇ ਚਾਰ ਦਹਾਕਿਆਂ ਦੇ ਸਭ ਤੋਂ ਗੰਭੀਰ ਜਲ ਸੰਕਟ ਨਾਲ ਜੂਝ ਰਿਹਾ ਹੈ। ਇਸ ਦੌਰਾਨ ਆਗਾਮੀ ਆਈ. ਪੀ. ਐੱਲ. ’ਚ ਇਸ ਸ਼ਹਿਰ ’ਚ ਹੋਣ ਵਾਲੇ ਮੈਚਾਂ ਨੂੰ ਦੂਜੀ ਜਗ੍ਹਾ ਟਰਾਂਸਫਰ ਕਰਨ ਦੀ ਮੰਗ ਉੱਠ ਰਹੀ ਹੈ। ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਆਈ. ਪੀ. ਐੱਲ. ਦੇ ਪਹਿਲੇ ਗੇੜ ’ਚ ਇਥੇ 25, 29 ਮਾਰਚ ਤੇ 2 ਅਪ੍ਰੈਲ ਨੂੰ ਕ੍ਰਮਵਾਰ ਪੰਜਾਬ ਕਿੰਗਜ਼, ਕੋਲਕਾਤਾ ਨਾਈਟ ਰਾਈਡਰਜ਼ ਤੇ ਲਖਨਊ ਸੁਪਰ ਜਾਇੰਟਸ ਵਿਰੁੱਧ ਖੇਡਣਾ ਹੈ।