ਪਾਕਿ ਦੀ ਏਸ਼ੀਆ ਕੱਪ ਦੇ ਖ਼ਿਤਾਬੀ ਮੁਕਾਬਲੇ 'ਚ ਹਾਰ ਦੇ ਬਾਅਦ ਵਸੀਮ ਅਕਰਮ ਨੇ ਬਾਬਰ ਆਜ਼ਮ ਨੂੰ ਲਿਆ ਲੰਮੇਂ ਹੱਥੀਂ

Monday, Sep 12, 2022 - 02:55 PM (IST)

ਸਪੋਰਟਸ ਡੈਸਕ- ਪਾਕਿਸਤਾਨੀ ਟੀਮ ਨੂੰ ਏਸ਼ੀਆ ਕੱਪ 2022 ਦੇ ਫਾਈਨਲ 'ਚ ਸ਼੍ਰੀਲੰਕਾ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ 'ਚ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੇ ਪਾਕਿਸਤਾਨੀ ਟੀਮ ਦੇ ਮੌਜੂਦਾ ਕਪਤਾਨ ਬਾਬਰ ਆਜ਼ਮ ਨੂੰ ਲੰਮੇਂ ਹੱਥੀਂ ਲੈਂਦੇ ਹੋਏ ਕਿਹਾ ਕਿ ਪਾਕਿ ਟੀਮ ਏਸ਼ੀਆ ਕੱਪ ਦਾ ਫਾਈਨਲ ਇਸ ਲਈ ਹਾਰ ਗਈ ਕਿਉਂਕਿ ਉਸ ਨੇ ਕਪਤਾਨੀ 'ਚ ਗਲਤੀ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਟੀਮ ਦੀ ਅਪ੍ਰੋਚ 'ਤੇ ਵੀ ਸਵਾਲ ਖੜ੍ਹੇ ਕੀਤੇ।

ਵਸੀਮ ਅਕਰਮ ਨੇ ਕਿਹਾ, "ਬਾਬਰ ਨੂੰ ਜਲਦ ਤੋ ਜਲਦ ਸਿੱਖਣਾ ਹੋਵੇਗਾ ਕਿ ਜਦੋਂ ਵਿਰੋਧੀ ਟੀਮ ਨੇ 5 ਵਿਕਟਾਂ ਗੁਆ ਦਿੱਤੀਆਂ ਹੋਣ ਤਾਂ ਆਪਣੇ ਮੁੱਖ ਗੇਂਦਬਾਜ਼ਾਂ ਨੂੰ ਵਾਪਸ ਲਿਆਇਆ ਜਾਵੇ। ਆਖਰੀ 2 ਓਵਰਾਂ ਦੀ ਚਿੰਤਾ ਨਾ ਕਰੋ।" ਬਾਬਰ ਆਜ਼ਮ ਨੇ ਫਾਈਨਲ ਵਿੱਚ ਇਹੋ ਗਲਤੀ ਕੀਤੀ, ਜਿਸ ਦਾ ਖਾਮਿਆਜ਼ਾ ਟੀਮ ਨੂੰ ਭੁਗਤਣਾ ਪਿਆ ਕਿਉਂਕਿ ਭਾਨੁਕਾ ਰਾਜਪਕਸ਼ੇ ਅਤੇ ਵਨਿੰਦੂ ਹਸਾਰੰਗਾ ਨੇ ਮੱਧ ਓਵਰਾਂ ਵਿੱਚ ਦੌੜਾਂ ਬਣਾਈਆਂ ਅਤੇ ਟੀਮ ਨੂੰ ਚੰਗੀ ਸਥਿਤੀ ਵਿੱਚ ਪਹੁੰਚਾਇਆ। ਸ਼੍ਰੀਲੰਕਾ ਨੇ ਆਖਰੀ 10 ਓਵਰਾਂ 'ਚ 100 ਤੋਂ ਜ਼ਿਆਦਾ ਦੌੜਾਂ ਬਣਾਈਆਂ।

ਇਹ ਵੀ ਪੜ੍ਹੋ : ਖੇਡ ਮੰਤਰੀ ਮੀਤ ਹੇਅਰ ਵੱਲੋਂ ਪਿੰਡ ਚੋਲਟਾ ਕਲਾਂ ਵਿਖੇ ਰਾਣਾ ਗ੍ਰੀਨ ਫੀਲਡ ਕ੍ਰਿਕਟ ਖੇਡ ਸਟੇਡੀਅਮ ਦਾ ਆਗਾਜ਼

ਹਾਲਾਂਕਿ ਵਸੀਮ ਅਕਰਮ ਨੇ ਟੀਮ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਮਿਡਲ ਆਰਡਰ ਨੂੰ ਠੀਕ ਕਰ ਲੈਣਾ ਚਾਹੀਦਾ ਹੈ। ਇਸ ਬਾਰੇ ਉਨ੍ਹਾਂ ਨੇ ਮੀਡੀਆ ਨੂੰ ਕਿਹਾ, "ਪਾਕਿਸਤਾਨ ਨੂੰ ਇੰਗਲੈਂਡ ਦੇ ਖਿਲਾਫ 7 ਟੀ-20 ਮੈਚ ਖੇਡਣੇ ਹਨ ਅਤੇ ਉਨ੍ਹਾਂ ਨੂੰ ਮੱਧਕ੍ਰਮ ਨੂੰ ਬਦਲਣ ਦੀ ਜ਼ਰੂਰਤ ਹੈ ਅਤੇ ਸ਼ਾਇਦ ਸ਼ਾਨ ਮਸੂਦ ਅਤੇ ਸ਼ੋਏਬ ਮਲਿਕ ਵਰਗੇ ਕੁਝ ਖਿਡਾਰੀਆਂ ਨੂੰ ਲਿਆਉਣ ਦੀ ਲੋੜ ਹੈ।" ਇਸ ਤੋਂ ਇਲਾਵਾ ਉਨ੍ਹਾਂ ਨੇ ਪਾਕਿਸਤਾਨ ਟੀਮ ਦੇ ਸਲਾਮੀ ਬੱਲੇਬਾਜ਼ਾਂ ਦੀ ਅਪ੍ਰੋਚ 'ਤੇ ਵੀ ਸਵਾਲ ਚੁੱਕੇ ਹਨ।

ਵਸੀਮ ਨੇ ਕਿਹਾ, "ਇੱਕ ਸਲਾਮੀ ਬੱਲੇਬਾਜ਼ ਨੂੰ ਹਮਲਾਵਰ ਹੋਣਾ ਚਾਹੀਦਾ ਹੈ ਜਦੋਂ ਕਿ ਦੂਜੇ ਸਲਾਮੀ ਬੱਲੇਬਾਜ਼ ਨੂੰ ਐਂਕਰ ਰੋਲ ਨਿਭਾਉਣਾ ਚਾਹੀਦਾ ਹੈ, ਪਰ ਪਾਕਿਸਤਾਨ ਨਾਲ ਅਜਿਹਾ ਨਹੀਂ ਹੋ ਰਿਹਾ ਹੈ। ਤੁਸੀਂ ਇਸ ਤਰ੍ਹਾਂ ਨਾਲ ਮੈਚ ਜਿੱਤਣ ਦੀ ਉਮੀਦ ਨਹੀਂ ਕਰ ਸਕਦੇ ਹੋ ਜਦੋਂ ਤੁਹਾਡੇ ਕੋਲ ਪਹਿਲੇ ਛੇ ਓਵਰਾਂ ਵਿੱਚ ਬੋਰਡ 'ਤੇ ਸਿਰਫ 30 ਤੋਂ 40 ਦੌੜਾਂ ਹਨ। 171 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਟੀਮ 147 ਦੌੜਾਂ 'ਤੇ ਆਊਟ ਹੋ ਗਈ ਅਤੇ 23 ਦੌੜਾਂ ਨਾਲ ਹਾਰ ਕੇ ਖਿਤਾਬ ਗੁਆ ਬੈਠੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News