ਡੇਵਿਡ ਵਾਰਨਰ ਨੇ ਰਚਿਆ ਇਤਿਹਾਸ, 100ਵੇਂ ਟੈਸਟ 'ਚ ਦੋਹਰਾ ਸੈਂਕੜਾ ਲਾਉਣ ਵਾਲੇ ਦੂਜੇ ਬੱਲੇਬਾਜ਼ ਬਣੇ
Tuesday, Dec 27, 2022 - 03:26 PM (IST)
 
            
            ਮੈਲਬੋਰਨ (ਭਾਸ਼ਾ)- ਡੇਵਿਡ ਵਾਰਨਰ ਆਪਣੇ 100ਵੇਂ ਟੈਸਟ ਮੈਚ ਵਿਚ ਸੈਂਕੜਾ ਲਗਾਉਣ ਵਾਲੇ ਆਸਟ੍ਰੇਲੀਆ ਦੇ ਦੂਜੇ ਅਤੇ ਦੁਨੀਆ ਦੇ 10ਵੇਂ ਬੱਲੇਬਾਜ਼ ਬਣ ਗਏ ਹਨ। ਵਾਰਨਰ ਨੇ ਮੰਗਲਵਾਰ ਨੂੰ ਇੱਥੇ ਦੱਖਣੀ ਅਫਰੀਕਾ ਖ਼ਿਲਾਫ਼ ਦੂਜੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ 200 ਦੌੜਾਂ ਬਣਾਈਆਂ। ਜਨਵਰੀ 2020 ਤੋਂ ਬਾਅਦ ਟੈਸਟ ਕ੍ਰਿਕਟ ਵਿੱਚ ਇਹ ਉਨ੍ਹਾਂ ਦਾ ਪਹਿਲਾ ਸੈਂਕੜਾ ਹੈ। ਆਸਟ੍ਰੇਲੀਆ ਲਈ 100 ਟੈਸਟ ਮੈਚ ਖੇਡਣ ਵਾਲੇ 14ਵੇਂ ਕ੍ਰਿਕਟਰ ਬਣੇ ਵਾਰਨਰ ਤੋਂ ਪਹਿਲਾਂ ਸਾਬਕਾ ਕਪਤਾਨ ਰਿਕੀ ਪੋਂਟਿੰਗ ਆਪਣੇ 100ਵੇਂ ਟੈਸਟ ਮੈਚ 'ਚ ਸੈਂਕੜਾ ਲਗਾਉਣ ਵਾਲੇ ਪਹਿਲੇ ਆਸਟ੍ਰੇਲੀਆਈ ਖਿਡਾਰੀ ਬਣੇ ਸਨ।
ਪੌਂਟਿੰਗ ਨੇ ਦੱਖਣੀ ਅਫਰੀਕਾ ਖ਼ਿਲਾਫ਼ ਜਨਵਰੀ 2006 ਵਿੱਚ ਸਿਡਨੀ ਵਿੱਚ ਇਹ ਉਪਲਬਧੀ ਹਾਸਲ ਕੀਤੀ ਸੀ। ਪੋਂਟਿੰਗ ਨੇ ਉਦੋ ਦੋਵਾਂ ਪਾਰੀਆਂ ਵਿੱਚ ਸੈਂਕੜੇ (120 ਅਤੇ ਨਾਬਾਦ 143 ਦੌੜਾਂ) ਬਣਾਈਆਂ ਸਨ। ਇਹ ਕਾਰਨਾਮਾ ਕਰਨ ਵਾਲੇ ਉਹ ਦੁਨੀਆ ਦੇ ਇਕਲੌਤਾ ਬੱਲੇਬਾਜ਼ ਹਨ। ਵਾਰਨਰ ਨੇ ਆਪਣੇ 100ਵੇਂ ਟੈਸਟ ਮੈਚ ਵਿੱਚ ਦੋਹਰਾ ਸੈਂਕੜਾ ਲਗਾਇਆ। ਇਹ ਉਪਲਬਧੀ ਹਾਸਲ ਕਰਨ ਵਾਲੇ ਉਹ ਦੁਨੀਆ ਦੇ ਦੂਜੇ ਖਿਡਾਰੀ ਹਨ। ਇੰਗਲੈਂਡ ਦੇ ਸਾਬਕਾ ਕਪਤਾਨ ਜੋ ਰੂਟ (218) ਨੇ ਇਹ ਕਾਰਨਾਮਾ ਫਰਵਰੀ 2021 'ਚ ਚੇਨਈ 'ਚ ਭਾਰਤ ਖ਼ਿਲਾਫ਼ ਕੀਤਾ ਸੀ।
ਟੈਸਟ ਕ੍ਰਿਕਟ ਵਿੱਚ ਸਭ ਤੋਂ ਪਹਿਲਾਂ 100 ਮੈਚ ਕੋਲਿਨ ਕਾਉਡਰੀ ਨੇ ਖੇਡੇ ਸਨ ਅਤੇ ਉਨ੍ਹਾਂ ਨੇ ਇਸ ਵਿੱਚ ਸੈਂਕੜਾ ਵੀ ਲਗਾਇਆ ਸੀ। ਉਨ੍ਹਾਂ ਤੋਂ ਬਾਅਦ ਜਾਵੇਦ ਮਿਆਂਦਾਦ, ਗੋਰਡਨ ਗ੍ਰੀਨਿਜ, ਐਲਕ ਸਟੀਵਰਟ, ਇੰਜ਼ਮਾਮ-ਉਲ-ਹੱਕ, ਪੋਂਟਿੰਗ, ਗ੍ਰੀਮ ਸਮਿਥ, ਹਾਸ਼ਿਮ ਅਮਲਾ, ਰੂਟ ਅਤੇ ਵਾਰਨਰ ਨੇ ਆਪਣੇ 100ਵੇਂ ਟੈਸਟ ਮੈਚ ਵਿੱਚ ਸੈਂਕੜਾ ਲਗਾਉਣ ਦਾ ਕਾਰਨਾਮਾ ਕੀਤਾ। ਵਾਰਨਰ ਨੇ 81ਵੀਂ ਦੌੜ ਪੂਰੀ ਕਰਦੇ ਹੀ ਟੈਸਟ ਕ੍ਰਿਕਟ 'ਚ 8000 ਦੌੜਾਂ ਵੀ ਪੂਰੀਆਂ ਕੀਤੀਆਂ। ਉਹ ਇਹ ਉਪਲਬਧੀ ਹਾਸਲ ਕਰਨ ਵਾਲੇ ਆਸਟਰੇਲੀਆ ਦੇ 8ਵੇਂ ਬੱਲੇਬਾਜ਼ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            