ਵਾਰਨਰ ਦਾ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੋਈ ਇਰਾਦਾ ਨਹੀਂ, ਵਾਰਨਰ ਦੇ ਨੁਮਾਇੰਦੇ ਦਾ ਬਿਆਨ
Wednesday, Dec 21, 2022 - 01:40 PM (IST)

ਸਪੋਰਟਸ ਡੈਸਕ : ਪਿਛਲੇ ਕੁਝ ਸਮੇਂ ਤੋਂ ਆਪਣੀ ਲੈਅ ਹਾਸਲ ਲਈ ਸੰਘਰਸ਼ ਕਰ ਰਹੇ ਆਸਟ੍ਰੇਲੀਆ ਦੇ ਦਿੱਗਜ ਬੱਲੇਬਾਜ਼ ਡੇਵਿਡ ਵਾਰਨਰ ਨੂੰ ਕੁਝ ਸਾਬਕਾ ਖਿਡਾਰੀਆਂ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਸਲਾਹ ਦਿੱਤੀ ਹੈ ਪਰ ਉਨ੍ਹਾਂ ਦੇ ਏਜੰਟ (ਨੁਮਾਇੰਦੇ) ਨੇ ਕਿਹਾ ਕਿ ਇਸ ਹਮਲਾਵਰ ਸਲਾਮੀ ਬੱਲੇਬਾਜ਼ ਦੀ ਖੇਡ ਦੇ ਲੰਬੇ ਫਾਰਮੈਟ ਨੂੰ ਅਲਵਿਦਾ ਕਹਿਣ ਦੀ ਕੋਈ ਯੋਜਨਾ ਨਹੀਂ ਹੈ। ਬ੍ਰਿਸਬੇਨ 'ਚ ਦੱਖਣੀ ਅਫਰੀਕਾ ਖਿਲਾਫ ਸ਼ੁਰੂਆਤੀ ਟੈਸਟ ਦੀ ਪਹਿਲੀ ਪਾਰੀ 'ਚ ਵਾਰਨਰ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਿਆ, ਜਦਕਿ ਦੂਜੀ ਪਾਰੀ 'ਚ ਉਸ ਨੇ ਤਿੰਨ ਦੌੜਾਂ ਬਣਾਈਆਂ।
ਇਸ ਟੈਸਟ ਤੋਂ ਪਹਿਲਾਂ ਉਸ ਨੇ ਮੌਜੂਦਾ ਸੈਸ਼ਨ ਦੀਆਂ ਚਾਰ ਪਾਰੀਆਂ ਵਿੱਚ 5, 48, 21 ਅਤੇ 28 ਦੌੜਾਂ ਬਣਾਈਆਂ ਸਨ। ਉਸਨੇ ਜਨਵਰੀ 2020 ਵਿੱਚ ਆਪਣਾ ਆਖਰੀ ਟੈਸਟ ਸੈਂਕੜਾ ਲਗਾਇਆ ਸੀ। ਵਾਰਨਰ ਦੇ ਏਜੰਟ ਜੇਮਜ਼ ਐਰਿਸਕਨ ਨੇ ਕਿਹਾ ਕਿ ਉਹ ਇਸ ਗੱਲ ਨੂੰ ਨਹੀਂ ਮੰਨਦੇ ਕਿ ਇਹ ਸਲਾਮੀ ਬੱਲੇਬਾਜ਼ ਸਿਡਨੀ ਵਿੱਚ ਪ੍ਰੋਟੀਆਜ਼ ਵਿਰੁੱਧ ਤਿੰਨ ਟੈਸਟ ਮੈਚਾਂ ਦੀ ਲੜੀ ਦੀ ਸਮਾਪਤੀ 'ਤੇ ਟੈਸਟ ਕ੍ਰਿਕਟ ਛੱਡ ਦੇਵੇਗਾ।
ਇਹ ਵੀ ਪੜ੍ਹੋ : ਗਾਬਾ ਦੀ ਪਿੱਚ 'ਤੇ ਸਖਤ ਹੋਈ ICC, 'ਔਸਤ ਤੋਂ ਹੇਠਾਂ' ਦੀ ਦਿੱਤੀ ਰੈਂਕਿੰਗ
ਸਿਡਨੀ ਮਾਰਨਿੰਗ ਹੇਰਾਲਡ' ਨੇ ਐਰਿਕਸਨ ਦੇ ਹਵਾਲੇ ਨਾਲ ਕਿਹਾ, "ਨਹੀਂ, ਇਹ ਉਸਦਾ ਆਖਰੀ ਟੈਸਟ ਨਹੀਂ ਹੋਵੇਗਾ, ਮੈਨੂੰ ਨਹੀਂ ਲੱਗਦਾ।" ਜੇਕਰ ਅਜਿਹਾ ਹੈ, ਤਾਂ ਇਹ ਮੇਰੇ ਲਈ ਖ਼ਬਰ ਹੈ।'' ਐਰਿਸਕਨ ਨੇ ਕਿਹਾ ਕਿ ਵਾਰਨਰ ਅਗਲੇ ਸਾਲ ਭਾਰਤ ਦੌਰੇ ਅਤੇ ਇੰਗਲੈਂਡ ਵਿੱਚ ਖੇਡੀ ਜਾਣ ਵਾਲੀ ਏਸ਼ੇਜ਼ ਸੀਰੀਜ਼ 'ਤੇ ਨਜ਼ਰ ਰੱਖ ਰਿਹਾ ਹੈ। ਵਾਰਨਰ 26 ਦਸੰਬਰ ਤੋਂ ਸ਼ੁਰੂ ਹੋਣ ਵਾਲਾ ਬਾਕਸਿੰਗ ਡੇ ਟੈਸਟ ਖੇਡ ਕੇ 100 ਟੈਸਟ ਮੈਚਾਂ ਦੀ ਉਪਲੱਬਧੀ ਹਾਸਲ ਕਰਨ ਵਾਲਾ ਆਸਟਰੇਲੀਆ ਦਾ 14ਵਾਂ ਖਿਡਾਰੀ ਬਣ ਜਾਵੇਗਾ।
ਇਸ ਸਾਲ 10 ਟੈਸਟਾਂ ਵਿੱਚ ਉਸਦੀ ਔਸਤ 21 ਤੋਂ ਘੱਟ ਹੈ ਪਰ ਐਰਿਕਸਨ ਦਾ ਮੰਨਣਾ ਹੈ ਕਿ 36 ਸਾਲਾ ਖਿਡਾਰੀ ਜਲਦੀ ਹੀ ਵੱਡੀ ਪਾਰੀ ਵੱਲ ਵਧੇਗਾ। ਉਸ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਵਾਰਨਰ ਦੇ ਬੱਲੇ ਤੋਂ ਦੌੜਾਂ ਆਉਣਗੀਆਂ। ਕ੍ਰਿਕਟ ਤੋਂ ਇਲਾਵਾ ਉਹ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਵਿੱਚ ਦਿਲਚਸਪੀ ਰੱਖਦਾ ਹੈ ਪਰ ਉਸਨੇ ਅਜਿਹੀ (ਰਿਟਾਇਰਮੈਂਟ) ਗੱਲ ਨਹੀ ਕੀਤੀ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।