3 ਸਪਿਨਰਾਂ ਨੂੰ ਟੀਮ ’ਚ ਰੱਖਣਾ ਚਾਹੁੰਦੈ ਭਾਰਤੀ ਉਪ ਕਪਤਾਨ ਲੋਕੇਸ਼ ਰਾਹੁਲ
Wednesday, Feb 08, 2023 - 03:29 PM (IST)
ਨਾਗਪੁਰ (ਭਾਸ਼ਾ)– ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਲੋਕੇਸ਼ ਰਾਹੁਲ ਦਾ ਮੰਨਣਾ ਹੈ ਕਿ ਨਾਗਪੁਰ ਦੇ ਕ੍ਰਿਕਟ ਸਟੇਡੀਅਮ ਦੀ ਪਿੱਚ ਦੇ ਮਿਜਾਜ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਪਰ ਟੀਮ ਆਸਟਰੇਲੀਆ ਵਿਰੁੱਧ ਪਹਿਲੇ ਟੈਸਟ ਵਿਚ 3 ਸਪਿਨਰਾਂ ਨੂੰ ਉਤਾਰਨਾ ਚਾਹੁੰਦੀ ਹੈ। ਆਸਟਰੇਲੀਆ ਵਿਰੁੱਧ 4 ਮੈਚਾਂ ਦੀ ਟੈਸਟ ਲੜੀ ਦੇ ਸ਼ੁਰੂ ਹੋਣ ਵਿਚ ਹੁਣ ਸਿਰਫ਼ ਇਕ ਦਿਨ ਬਚਿਆ ਹੈ ਪਰ ਇਸ ਸਲਾਮੀ ਬੱਲੇਬਾਜ਼ ਨੇ ਟੀਮ ਵਿਚ ਤਿੰਨ ਸਥਾਨਾਂ ਨੂੰ ਲੈ ਕੇ ਕੋਈ ਤੈਅ ਜਵਾਬ ਨਹੀਂ ਦਿੱਤਾ। ਰਾਹੁਲ ਨੇ ਵਿਕਟਕੀਪਰ, ਤੀਜੇ ਸਪਿਨਰ ਤੇ ਪੰਜਵੇਂ ਕ੍ਰਮ ਦੇ ਬੱਲੇਬਾਜ਼ ਦੇ ਬਾਰੇ ਵਿਚ ਪੁੱਛੇ ਗਏ ਸਵਾਲ ਦਾ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਮੱਧਕ੍ਰਮ ਵਿਚ ਸ਼ੁਭਮਨ ਗਿੱਲ ਨੂੰ ਮੌਕਾ ਦਿੱਤੇ ਜਾਣ ਦੇ ਬਾਰੇ ਵਿਚ ਪੁੱਛਣ ’ਤੇ ਰਾਹੁਲ ਨੇ ਕਿਹਾ, ‘‘ਅਸੀਂ ਅਜੇ ਤਕ ਆਖਰੀ-11 ’ਤੇ ਫੈਸਲਾ ਨਹੀਂ ਕੀਤਾ ਹੈ। ਇਹ ਇਕ ਮੁਸ਼ਕਿਲ ਫੈਸਲਾ ਹੋਵੇਗਾ। ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਕੁਝ ਸਥਾਨਾਂ ਲਈ ਕਈ ਬਦਲ ਹਨ। ਅਜਿਹੇ ਵਿਚ ਅਜੇ ਚਰਚਾ ਜਾਰੀ ਹੈ ਤੇ ਖਿਡਾਰੀਆਂ ਨਾਲ ਗੱਲ ਕੀਤੀ ਜਾ ਰਹੀ ਹੈ।’’
ਇੱਥੋਂ ਦੇ ਵੀ. ਸੀ. ਏ. ਕ੍ਰਿਕਟ ਮੈਦਾਨ ’ਤੇ ਪਹਿਲੇ ਦਿਨ ਤੋਂ ਹੀ ਸਪਿਨਰਾਂ ਨੂੰ ਮਦਦ ਮਿਲਣ ਦੀ ਸੰਭਾਵਨਾ ਹੈ ਪਰ ਰਾਹੁਲ ਪਿੱਚ ਨੂੰ ਲੈ ਕੇ ਕੁਝ ਬੋਲਣ ਤੋਂ ਬਚਦਾ ਦਿਸਿਆ। ਉਸ ਨੇ ਕਿਹਾ,‘‘ਹਾਂ, ਅਸੀਂ ਇਸ (ਪਿੱਚ) ਨੂੰ ਦੇਖਿਆ ਸੀ ਪਰ ਅਸਲੀਅਤ ਵਿਚ ਪਿੱਚ ਦੇ ਮਿਜਾਜ ਦੇ ਬਾਰੇ ਵਿਚ ਪਤਾ ਲਗਾਉਣਾ ਜਲਦਬਾਜ਼ੀ ਹੋਵੇਗੀ। ਸਾਨੂੰ ਮੈਚ ਦੇ ਦਿਨ ਇੱਥੇ ਆ ਕੇ ਇਸਦਾ ਮੁਲਾਂਕਣਾ ਕਰਨਾ ਪਵੇਗਾ।’’ ਇਸ ਖੱਬੇ ਹੱਥ ਦੇ ਬੱਲੇਬਾਜ਼ ਨੇ ਕਿਹਾ, ‘‘ਅਸੀਂ ਸਿਰਫ ਇਸ ਨੂੰ ਦੇਖ ਸਕਦੇ ਹਾਂ ਤੇ ਕਿਆਸ ਲਾ ਸਕਦੇ ਹਾਂ ਕਿ ਇਸਦਾ ਮਿਜਾਜ ਕਿਹੋ ਜਿਹਾ ਹੋਵੇਗਾ। ਹਾਂ, ਅਸੀਂ ਆਖਰੀ-11 ਵਿਚ ਤਿੰਨ ਸਪਿਨਰਾਂ ਨੂੰ ਰੱਖਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਭਾਰਤ ਵਿਚ ਖੇਡ ਰਹੇ ਹਾਂ। ਅਸੀਂ ਇਸ ’ਤੇ ਕੋਈ ਫੈਸਲਾ ਮੈਚ ਦੇ ਦਿਨ ਜਾਂ ਉਸ ਤੋਂ ਇਕ ਦਿਨ ਪਹਿਲਾਂ ਕਰਾਂਗੇ।’’ ਕਪਤਾਨ ਰੋਹਿਤ ਸ਼ਰਮਾ ਦੀ ਟੀਮ ਵਿਚ ਵਾਪਸੀ ਹੋ ਗਈ ਹੈ ਤੇ ਰਾਹੁਲ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਮੱਧਕ੍ਰਮ ਵਿਚ ਬੱਲੇਬਾਜ਼ੀ ਕਰਨਾ ਚਾਹੇਗਾ, ਜਿਵੇਂ ਕਿ ਉਸ ਨੇ 2014 ਵਿਚ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ ਦੌਰਾਨ ਕੀਤਾ ਸੀ।’’