ਵਿਰਾਟ ਪਹਿਲੇ ਟੈਸਟ ਤੋਂ ਬਾਅਦ ਪਰਤੇਗਾ ਵਤਨ, ਰੋਹਿਤ ਟੈਸਟ ਟੀਮ 'ਚ ਸ਼ਾਮਲ
Monday, Nov 09, 2020 - 07:50 PM (IST)
ਮੁੰਬਈ– ਭਾਰਤੀ ਕਪਤਾਨ ਵਿਰਾਟ ਕੋਹਲੀ ਆਪਣੇ ਪਹਿਲੇ ਬੱਚੇ ਦੇ ਜਨਮ ਦੇ ਕਾਰਣ ਆਸਟਰੇਲੀਆ ਦੌਰੇ ਵਿਚ ਐਡੀਲੇਡ ਵਿਚ ਪਹਿਲਾ ਟੈਸਟ ਖੇਡ ਕੇ ਵਤਨ ਪਰਤ ਆਵੇਗਾ ਜਦਕਿ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਭਾਰਤੀ ਟੈਸਟ ਟੀਮ ਵਿਚ ਸ਼ਾਮਲ ਕਰ ਲਿਆ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਸੀਨੀਅਰ ਚੋਣ ਕਮੇਟੀ ਦੀ ਐਤਵਾਰ ਨੂੰ ਮੀਟਿੰਗ ਹੋਈ, ਜਿਸ ਵਿਚ ਕਮੇਟੀ ਨੇ ਬੀ. ਸੀ. ਸੀ. ਆਈ. ਦੀ ਮੈਡੀਕਲ ਟੀਮ ਤੋਂ ਪ੍ਰਾਪਤ ਖਿਡਾਰੀਆਂ ਦੀਆਂ ਸੱਟਾਂ ਦੀ ਰਿਪੋਰਟ ਤੇ ਕੁਝ ਅਪਡੇਟ ਨੂੰ ਦੇਖਦੇ ਹੋਏ ਦੌਰੇ ਨੂੰ ਲੈ ਕੇ ਕੁਝ ਬਦਲਾਅ ਕੀਤੇ।
ਚੋਣਕਾਰਾਂ ਨੇ ਜਦੋਂ ਆਸਟਰੇਲੀਆ ਦੌਰੇ ਲਈ ਵਨ ਡੇ, ਟੀ-20 ਤੇ ਟੈਸਟ ਟੀਮ ਦਾ ਐਲਾਨ ਕੀਤਾ ਸੀ ਤਦ ਰੋਹਿਤ ਨੂੰ ਅਣਫਿੱਟ ਦੱਸਦੇ ਹੋਏ ਕਿਸੇ ਵੀ ਟੀਮ ਵਿਚ ਸ਼ਾਮਲ ਨਹੀਂ ਕੀਤਾ ਸੀ। ਇਸ ਨੂੰ ਲੈ ਕੇ ਕਾਫੀ ਆਲੋਚਨਾ ਹੋਈ ਸੀ ਕਿਉਂਕਿ ਰੋਹਿਤ ਅਭਿਆਸ ਕਰ ਰਿਹਾ ਸੀ ਤੇ ਆਪਣੀ ਆਈ. ਪੀ. ਐੱਲ. ਟੀਮ ਮੁੰਬਈ ਇੰਡੀਅਨਜ਼ ਵਲੋਂ ਆਖਰੀ ਮੈਚ ਤੇ ਪਲੇਅ ਆਫ ਮੁਕਾਬਲੇ ਵਿਚ ਖੇਡਣ ਉਤਰ ਪਿਆ।
ਬੀ. ਸੀ. ਸੀ. ਸੀ. ਆਈ. ਦੇ ਸਕੱਤਰ ਜੈ ਸ਼ਾਹ ਨੇ ਟੀਮ ਵਿਚ ਕੀਤੇ ਗਏ ਬਦਲਾਂ ਨੂੰ ਲੈ ਕੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਬੀ. ਸੀ. ਸੀ. ਆਈ. ਦੀ ਮੈਡੀਕਲ ਟੀਮ ਰੋਹਿਤ ਦੀ ਫਿਟਨੈੱਸ 'ਤੇ ਨਿਗਰਾਨੀ ਰੱਖ ਰਹੀ ਸੀ ਤੇ ਇਸ ਮੈਡੀਕਲ ਟੀਮ ਨੇ ਚੋਣ ਕਮੇਟੀ ਨੂੰ ਉਸਦੀ ਫਿਟਨੈੱਸ ਦੇ ਬਾਰੇ ਵਿਚ ਜਾਣਕਾਰੀ ਦਿੱਤੀ। ਰੋਹਿਤ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਉਸ ਨੂੰ ਆਸਟਰੇਲੀਆ ਵਿਚ ਵਨ ਡੇ ਤੇ ਟੀ-20 ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ ਤਾਂ ਕਿ ਉਹ ਅਪਾਣੀ ਪੂਰੀ ਫਿਟਨੈੱਸ ਹਾਸਲ ਕਰ ਸਕੇ। ਰੋਹਿਤ ਨੂੰ ਨਾਲ ਹੀ 4 ਟੈਸਟਾਂ ਦੀ ਭਾਰਤੀ ਟੀਮ ਵਿਚ ਸ਼ਾਮਲ ਕਰ ਲਿਆ ਗਿਆ ਹੈ।
ਇਸ ਵਿਚਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਚੋਣ ਕਮੇਟੀ ਦੀ 26 ਅਕਤੂਬਰ ਨੂੰ ਹੋਈ ਮੀਟਿੰਗ ਵਿਚ ਬੀ. ਸੀ. ਸੀ. ਆਈ. ਨੂੰ ਸੂਚਿਤ ਕੀਤਾ ਸੀ ਕਿ ਉਹ ਐਡੀਲੇਡ ਵਿਚ ਪਹਿਲੇ ਟੈਸਟ ਤੋਂ ਬਾਅਦ ਭਾਰਤ ਪਰਤੇਗਾ। ਵਿਰਾਟ ਦੀ ਪਤਨੀ ਅਨੁਸ਼ਕਾ ਸ਼ਰਮਾ ਉਸਦੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਹੈ ਤੇ ਬੀ. ਸੀ. ਸੀ. ਆਈ. ਨੇ ਵਿਰਾਟ ਨੂੰ ਵਤਨ ਪਰਤਣ ਲਈ ਆਪਣੀ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ।
ਚੋਣਕਾਰਾਂ ਨੇ ਆਸਟਰੇਲੀਆ ਦੌਰੇ ਵਿਚ ਵਨ ਡੇ ਟੀਮ ਵਿਚ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੂੰ ਵਾਧੂ ਵਿਕਟਕੀਪਰ ਦੇ ਤੌਰ 'ਤੇ ਸ਼ਾਮਲ ਕਰ ਲਿਆ ਹੈ। ਸੰਜੂ ਇਸ ਦੌਰੇ ਦੀ ਟੀ-20 ਟੀਮ ਵਿਚ ਦੂਜੇ ਵਿਕਟਕੀਪਰ ਦੇ ਤੌਰ 'ਤੇ ਸ਼ਾਮਲ ਸੀ ਤੇ ਹੁਣ ਉਸ ਨੂੰ ਵਨ ਡੇ ਟੀਮ ਵਿਚ ਵੀ ਜਗ੍ਹਾ ਮਿਲ ਗਈ ਹੈ।
ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਜ਼ਖ਼ਮੀ ਹੋਣ ਕਾਰਣ ਆਈ. ਪੀ. ਐੱਲ. ਤੋਂ ਵਤਨ ਪਰਤ ਆਇਆ ਸੀ ਤੇ ਇਸ ਸਮੇਂ ਉਹ ਬੈਂਗਲੁਰੂ ਵਿਚ ਰਾਸ਼ਟਰੀ ਕ੍ਰਿਕਟ ਅਕੈਡਮੀ ਵਿਚ ਰਿਹੈ ਬਲੀਟੇਸ਼ਨ ਵਿਚੋਂ ਲੰਘ ਰਿਹਾ ਹੈ। ਉਹ ਜਿਵੇਂ ਹੀ ਆਪਣੀ ਪੂਰੀ ਮੈਚ ਫਿਟਨੈੱਸ ਹਾਸਲ ਕਰਦਾ ਹੈ, ਉਸ ਨੂੰ ਭਾਰਤ ਦੀ ਟੈਸਟ ਟੀਮ ਵਿਚ ਸ਼ਾਮਲ ਕਰ ਲਿਆ ਜਾਵੇਗਾ। ਇਸ ਵਿਚਾਲੇ ਸਪਿਨਰ ਵਰੁਣ ਚਕਰਵਰਤੀ ਮੋਢੇ ਦੀ ਸੱਟ ਕਾਰਣ ਆਸਟਰੇਲੀਆ ਦੌਰੇ ਵਿਚ ਟੀ-20 ਸੀਰੀਜ਼ ਵਿਚੋਂ ਬਾਹਰ ਹੋ ਗਿਆ ਹੈ। ਚੋਣਕਾਰਾਂ ਨੇ ਉਸਦੀ ਜਗ੍ਹਾ ਤੇਜ਼ ਗੇਂਦਬਾਜ਼ ਟੀ. ਨਟਰਾਜਨ ਨੂੰ ਸ਼ਾਮਲ ਕੀਤਾ ਹੈ। ਨਟਰਾਜਨ ਨੇ ਆਈ. ਪੀ. ਐੱਲ. ਵਿਚ ਡੈੱਥ ਓਵਰਾਂ ਵਿਚ ਲਗਾਤਾਰ ਯਾਰਕਰ ਸੁੱਟਣ ਦੀ ਸਮਰਥਾ ਦਿਖਾਈ ਸੀ।
ਇਹ ਵੀ ਪੜ੍ਹੋ: ਆਸਟਰੇਲੀਆ ਵਿਰੁੱਧ ਭਾਰਤੀ ਟੀਮ ਨੂੰ ਝਟਕਾ, ਸਟਾਰ ਖਿਡਾਰੀ ਹੋਇਆ ਜ਼ਖਮੀ
ਭਾਰਤੀ ਟੈਸਟ ਵਿਕਟਕੀਪਰ ਰਿਧੀਮਾਨ ਸਾਹਾ ਨੂੰ ਪਿਛਲੀ 3 ਨਵੰਬਰ ਨੂੰ ਆਪਣੀ ਆਈ. ਪੀ. ਐੱਲ. ਟੀਮ ਹੈਦਰਾਬਾਦ ਦੇ ਮੈਚ ਦੌਰਾਨ ਸੱਟ ਲੱਗ ਗਈ ਸੀ ਤੇ ਟੈਸਟ ਸੀਰੀਜ਼ ਵਿਚ ਉਸਦੀ ਉਪਲਬੱਧਤਾ ਦੇ ਬਾਰੇ ਵਿਚ ਬਾਅਦ ਵਿਚ ਫੈਸਲਾ ਕੀਤਾ ਜਾਵੇਗਾ। ਨੌਜਵਾਨ ਤੇਜ਼ ਗੇਂਦਬਾਜ਼ ਕਮਲੇਸ਼ ਨਾਗਰਕੋਟੀ ਆਸਟਰੇਲੀਆ ਦੌਰੇ 'ਤੇ ਨਹੀਂ ਜਾ ਸਕੇਗਾ ਕਿਉਂਕਿ ਉਹ ਆਪਣੇ ਗੇਂਦਬਾਜ਼ੀ ਵਰਕਲੋਡ ਨੂੰ ਲੈ ਕੇ ਮੈਡੀਕਲ ਟੀਮ ਨਾਲ ਕੰਮ ਕਰ ਰਿਹਾ ਹੈ।
ਸੋਧੀਆਂ ਭਾਰਤੀ ਟੀਮਾਂ ਇਸ ਤਰ੍ਹਾਂ ਹਨ
ਟੀ-20 : ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਮਯੰਕ ਅਗਰਵਾਲ, ਲੋਕੇਸ਼ ਰਾਹੁਲ (ਉਪ ਕਪਤਾਨ ਤੇ ਵਿਕਟਕੀਪਰ), ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਹਾਰਦਿਕ ਪੰਡਯਾ, ਸੰਜੂ ਸੈਮਸਨ (ਵਿਕਟਕੀਪਰ), ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਨਵਦੀਪ ਸੈਣੀ, ਦੀਪਕ ਚਾਹਰ, ਟੀ. ਨਟਰਾਜਨ।
ਵਨ ਡੇ : ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਸ਼ੁਭਮਨ ਗਿੱਲ, ਲੋਕੇਸ਼ ਰਾਹੁਲ (ਉਪ ਕਪਤਾਨ ਤੇ ਵਿਕਟਕੀਪਰ), ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਹਾਰਦਿਕ ਪੰਡਯਾ, ਮਯੰਕ ਅਗਰਵਾਲ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਨਵਦੀਪ ਸੈਣੀ, ਸ਼ਾਰਦੁਲ ਠਾਕੁਰ, ਸੰਜੂ ਸੈਮਸਨ (ਵਿਕਟਕੀਪਰ)।
ਟੈਸਟ : ਵਿਰਾਟ ਕੋਹਲੀ (ਕਪਾਤਨ), ਰੋਹਿਤ ਸ਼ਰਮਾ, ਮਯੰਕ ਅਗਰਵਾਲ, ਪ੍ਰਿਥਵੀ ਸ਼ਾਹ, ਲੋਕੇਸ਼ ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ (ਉਪ ਕਪਤਾਨ), ਹਨੁਮਾ ਵਿਹਾਰੀ, ਸ਼ੁਭਮਨ ਗਿੱਲ, ਰਿਧੀਮਾਨ ਸਾਹਾ (ਵਿਕਟੀਕਪਰ), ਰਿਸ਼ਭ ਪੰਤ (ਵਿਕਟਕੀਪਰ), ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਉਮੇਸ਼ ਯਾਦਵ, ਨਵਦੀਪ ਸੈਣੀ, ਕੁਲਦੀਪ ਯਾਦਵ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਮੁਹੰਮਦ ਸਿਰਾਜ।