CWC 2019 : ਅਭਿਆਸ ਮੈਚ 'ਚ ਹੇਠਲੇ ਕ੍ਰਮ ਦੇ ਪ੍ਰਦਰਸ਼ਨ ਤੋਂ ਸੰਤੁਸ਼ਟ ਹੈ ਵਿਰਾਟ

05/26/2019 4:53:31 PM

ਲੰਡਨ— ਨਿਊਜ਼ੀਲੈਂਡ ਹੱਥੋਂ ਵਰਲਡ ਕੱਪ ਦੇ ਪਹਿਲੇ ਅਭਿਆਸ ਮੈਚ 'ਚ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨ ਦੇ ਬਾਵਜੂਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਟੀਮ ਦੇ ਹੇਠਲੇ ਕ੍ਰਮ ਦੇ ਪ੍ਰਦਰਸ਼ਨ ਤੋਂ ਖੁਸ਼ ਹਨ। ਅਭਿਆਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਦਾ ਚੋਟੀ ਦਾ ਕ੍ਰਮ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋ ਗਿਆ ਸੀ। ਭਾਰਤ ਦਾ ਸਕੋਰ ਇਕ ਸਮੇਂ 39 ਦੌੜਾਂ 'ਤੇ 4 ਵਿਕਟ ਸੀ ਜਿਸ ਤੋਂ ਬਾਅਦ ਰਵਿੰਦਰ ਜਡੇਜਾ ਨੇ ਭਾਰਤੀ ਪਾਰੀ ਨੂੰ ਸੰਭਾਲਦੇ ਹੋਏ 50 ਗੇਂਦਾਂ 'ਚ 54 ਦੌੜਾਂ ਬਣਾਈਆਂ। ਜਡੇਜਾ ਦੀ ਸ਼ਾਨਦਾਰ ਪਾਰੀ ਕਾਰਨ ਭਾਰਤੀ ਟੀਮ 39.2 ਓਵਰ 'ਚ 179 ਦੌੜਾਂ ਦਾ ਸਨਮਾਨਜਨਕ ਸਕੋਰ ਬਣਾਉਣ 'ਚ ਸਫਲ ਰਹੀ ਸੀ। 
PunjabKesari
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਮੈਚ ਦੇ ਬਾਅਦ ਹੇਠਲੇ ਕ੍ਰਮ ਦੇ ਪ੍ਰਦਰਸ਼ਨ 'ਤੇ ਕਿਹਾ ਕਿ ਉਨ੍ਹਾਂ ਨੇ ਮੈਚ 'ਚ ਚੰਗਾ ਯੋਗਦਾਨ ਦਿੱਤਾ। ਕਪਤਾਨ ਨੇ ਕਿਹਾ, ''ਮੈਂ ਸਮਝਦਾ ਹਾਂ ਕਿ ਵਰਲਡ ਕੱਪ ਜਿਹੇ ਵੱਡੇ ਟੂਰਨਾਮੈਂਟ 'ਚ ਚੋਟੀ ਦਾ ਕ੍ਰਮ ਹਮੇਸ਼ਾ ਕਾਮਯਾਬ ਨਹੀਂ ਹੋ ਸਕਦਾ ਇਸ ਲਈ ਹੇਠਲੇ ਕ੍ਰਮ ਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ। ਮੇਰੇ ਖਿਆਲ ਨਾਲ ਹਾਰਦਿਕ ਪੰਡਯਾ ਨੇ ਬਿਹਤਰੀਨ ਬੱਲੇਬਾਜ਼ੀ ਕੀਤੀ ਅਤੇ ਮਹਿੰਦਰ ਸਿੰਘ ਧੋਨੀ ਨੇ ਵੀ ਗੇਂਦਬਾਜ਼ਾਂ 'ਤੇ ਦਬਾਅ ਬਣਾਇਆ ਅਤੇ ਅਖੀਰ 'ਚ ਜਡੇਜਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਕੁਝ ਦੌੜਾਂ ਹੋਰ ਜੋੜੀਆਂ। ਮੇਰੇ ਨਜ਼ਰੀਏ ਤੋਂ ਦੇਖੀਏ ਤਾਂ ਸਾਨੁੰ ਇਸ ਮੈਚ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ ਜੋ ਕਿ ਅਸੀਂ ਚਾਹੁੰਦੇ ਸੀ। ਹੇਠਲੇ ਕ੍ਰਮ ਦਾ ਦੌੜਾਂ ਬਣਾਉਣਾ ਟੀਮ ਲਈ ਹਾਂ ਪੱਖੀ ਹੈ।'' ਜ਼ਿਕਰਯੋਗ ਹੈ ਕਿ ਕੇਨ ਵਿਲੀਅਮਸਨ ਅਤੇ ਰਾਸ ਟੇਲਰ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਨਿਊਜ਼ੀਲੈਂਡ ਨੇ ਭਾਰਤ ਨੂੰ ਪਹਿਲੇ ਅਭਿਆਸ ਮੈਚ 'ਚ 13 ਓਵਰ ਬਾਕੀ ਰਹਿੰਦੇ ਹੋਏ 6 ਵਿਕਟਾਂ ਨਾਲ ਹਰਾ ਦਿੱਤਾ ਸੀ।


Tarsem Singh

Content Editor

Related News