ਕੋਹਲੀ ਦੀ ਖ਼ਰਾਬ ਫ਼ਾਰਮ 'ਤੇ ਇਰਫ਼ਾਨ ਪਠਾਨ ਦਾ ਬਿਆਨ, ਤਕਨੀਕੀ ਸਮੱਸਿਆ ਨਹੀਂ ਇਸ ਚੀਜ਼ ਤੋਂ ਹਨ ਪਰੇਸ਼ਾਨ
Tuesday, Aug 31, 2021 - 04:29 PM (IST)

ਸਪੋਰਟਸ ਡੈਸਕ- ਭਾਰਤੀ ਕਪਤਾਨ ਵਿਰਾਟ ਕੋਹਲੀ ਇੰਗਲੈਂਡ ਖ਼ਿਲਾਫ਼ ਮੌਜੂਦਾ ਟੈਸਟ ਸੀਰੀਜ਼ 'ਚ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੇ ਤੀਜੇ ਟੈਸਟ ਮੈਚ 'ਚ ਅਰਧ ਸੈਂਕੜਾ ਲਾਇਆ ਤੇ ਇਹ ਸੀਰੀਜ਼ 'ਚ ਉਨ੍ਹਾਂ ਦਾ ਅਜੇ ਤਕ ਦਾ ਇਕਮਾਤਰ ਅਰਧ ਸੈਂਕੜਾ ਹੈ। ਭਾਰਤ ਦੇ ਸਾਬਕਾ ਕ੍ਰਿਕਟਰ ਇਰਫ਼ਾਨ ਪਠਾਨ ਦਾ ਮੰਨਣਾ ਹੈ ਕਿ ਕਿਸੇ ਵੀ ਤਕਨੀਕੀ ਸਮੱਸਿਆ ਦੀ ਬਜਾਏ ਕੋਹਲੀ ਦੇ ਹਮਲਾਵਰ ਰਵੱਈਏ ਨੇ ਹਾਲ ਹੀ 'ਚ ਉਨ੍ਹਾਂ ਦੀ ਨਿਰਾਸ਼ਾਜਨਕ ਫਾਰਮ ਨੂੰ ਜਨਮ ਦਿੱਤਾ ਹੈ।
ਪਠਾਨ ਨੇ ਇਕ ਯੂਟਿਊਬ ਚੈਨਲ 'ਤੇ ਗੱਲਬਾਤ ਦੇ ਦੌਰਾਨ ਕਿਹਾ ਕਿ ਮੈਨੂੰ ਲਗਦਾ ਹੈ ਕਿ ਤਿਆਰੀ ਤੋਂ ਜ਼ਿਆਦਾ ਵਿਰਾਟ ਕੋਹਲੀ ਹਾਵੀ ਹੋਣਾ ਚਾਹੁੰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਆਫ਼ ਸਟੰਪ ਦੇ ਬਾਹਰ ਗੇਂਦਾਂ ਖੇਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਬਸ ਇੰਨੀ ਜਿਹੀ ਗੱਲ ਹੈ। ਤਕਨੀਕ ਤੋਂ ਜ਼ਿਆਦਾ ਵਿਰਾਟ ਕੋਹਲੀ ਦੀ ਹਮਲਾਵਰ ਸੋਚ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ।
ਜਦਕਿ ਸੰਜੇ ਬਾਂਗਰ ਨੇ ਕਿਹਾ, ਵਿਰਾਟ ਕੋਹਲੀ ਨੇ ਉਹ ਸੰਜਮ ਨਹੀਂ ਦਿਖਾਇਆ ਜੋ ਇੰਗਲੈਂਡ ਦੇ ਗੇਂਦਬਾਜ਼ਾਂ ਨੇ ਉਨ੍ਹਾਂ ਖ਼ਿਲਾਫ਼ ਦਿਖਾਇਆ ਹੈ। ਇਹੋ ਇਕੋ ਫ਼ਰਕ ਸੀ। ਬਾਂਗਰ ਨੇ ਸੀਰੀਜ਼ 'ਚ ਕੋਹਲੀ ਦੇ ਆਊਟ ਹੋਣ 'ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਆਊਟ ਹੋਣ ਦਾ ਤਰੀਕਾ 2014 ਦੀ ਤੁਲਨਾ 'ਚ ਥੋੜ੍ਹਾ ਵੱਖ ਹੈ। ਉਹ ਕਈ ਵਾਰ ਬਚਾਅ ਕਰਦੇ ਹੋਏ ਆਊਟ ਨਹੀਂ ਹੋਏ ਹਨ। ਉਹ ਆਪਣੇ ਸਾਰੇ ਆਊਟ ਹੋਣ 'ਚ ਗੇਂਦ ਵੱਲ ਗਏ ਹਨ। ਜੇਕਰ 2014 ਤੋਂ ਉਨ੍ਹਾਂ ਦੇ ਆਊਟ ਹੋਣ ਨੂੰ ਦੇਖੀਏ ਤਾਂ ਉਹ ਜਿੰਨੀ ਵਾਰ ਬਚਾਅ ਕਰਦੇ ਹੋਏ ਆਊਟ ਹੋਏ ਓਨੀ ਵਾਰ ਡ੍ਰਾਈਵ ਕਰਦੇ ਹੋਏ ਆਊਟ ਨਹੀਂ ਹੋਏ। ਮੈਨੂੰ ਲਗਦਾ ਹੈ ਕਿ ਉਹ ਛੇਵਾਂ ਜਾਂ ਸਤਵਾਂ ਸਟੰਪ ਖੇਡ ਰਹੇ ਹਨ, ਜਿਸ ਨੂੰ ਖੇਡਣ ਦੀ ਜ਼ਰੂਰਤ ਨਹੀਂ ਹੈ।