ਬੈਂਗਲੁਰੂ ਭਾਜੜ ’ਤੇ ਵਿਰਾਟ ਕੋਹਲੀ ਨੇ ਕਿਹਾ, ''ਸਭ ਤੋਂ ਖੁਸ਼ੀ ਦਾ ਪਲ ਦਰਦਨਾਕ ਬਣ ਗਿਆ''

Wednesday, Sep 03, 2025 - 11:29 PM (IST)

ਬੈਂਗਲੁਰੂ ਭਾਜੜ ’ਤੇ ਵਿਰਾਟ ਕੋਹਲੀ ਨੇ ਕਿਹਾ, ''ਸਭ ਤੋਂ ਖੁਸ਼ੀ ਦਾ ਪਲ ਦਰਦਨਾਕ ਬਣ ਗਿਆ''

ਬੈਂਗਲੁਰੂ (ਭਾਸ਼ਾ)– ਭਾਰਤ ਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਸੁਪਰ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਆਈ. ਪੀ. ਐੱਲ. ਖਿਤਾਬ ਜਿੱਤਣ ਦੇ ਜਸ਼ਨ ਵਿਚ 4 ਜੂਨ ਨੂੰ ਹੋਈ ਭਾਜੜ ਦੇ ਬਾਰੇ ਵਿਚ ਕਿਹਾ ਹੈ ਕਿ ਇਹ ਉਸਦੀ ਟੀਮ ਦਾ ਸਭ ਤੋਂ ਖੁਸ਼ੀ ਦਾ ਦਿਨ ਹੋ ਸਕਦਾ ਸੀ ਜਿਹੜਾ 11 ਲੋਕਾਂ ਦੀ ਮੌਤ ਤੋਂ ਬਾਅਦ ਦਰਦਨਾਕ ਬਣ ਗਿਆ। ਆਰ. ਸੀ. ਬੀ. ਦੇ 18 ਸਾਲ ਵਿਚ ਪਹਿਲੀ ਵਾਰ ਆਈ. ਪੀ. ਐੱਲ. ਖਿਤਾਬ ਜਿੱਤਣ ਤੋਂ ਬਾਅਦ ਐੱਮ. ਚਿੰਨਾਸਵਾਮੀ ਸਟੇਡੀਅਮ ਵਿਚ ਜਸ਼ਨ ਲਈ ਢਾਈ ਲੱਖ ਪ੍ਰਸ਼ੰਸਕਾਂ ਦੇ ਇਕੱਠੇ ਹੋਣ ਤੋਂ ਬਾਅਦ ਭਾਜੜ ਮਚ ਗਈ ਸੀ।

ਕੋਹਲੀ ਨੇ ਆਰ. ਸੀ. ਬੀ. ਦੇ ਐਕਸ ਹੈਂਡਲ ’ਤੇ ਕਿਹਾ, ‘‘ਤੁਸੀਂ ਕਦੇ ਵੀ ਇਸ ਤਰ੍ਹਾਂ ਦਿਲ ਤੋੜਨ ਵਾਲੀ ਘਟਨਾ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ। ਜਿਹੜਾ ਸਾਡੀ ਟੀਮ ਦੇ ਇਤਿਹਾਸ ਦਾ ਸਭ ਤੋਂ ਖੁਸ਼ੀ ਦਾ ਪਲ ਹੋਣਾ ਚਾਹੀਦਾ ਸੀ, ਉਹ ਇਕ ਦੁਖਦਾਇਕ ਘਟਨਾ ਵਿਚ ਬਦਲ ਗਿਆ।’’

ਉਸ ਨੇ ਕਿਹਾ, ‘‘ਮੈਂ ਆਪਣੇ ਪਰਿਵਾਰਾਂ ਨੂੰ ਗਵਾਉਣ ਵਾਲੇ ਪਰਿਵਾਰਾਂ ਤੇ ਜ਼ਖ਼ਮੀ ਹੋਏ ਆਪਣੇ ਪ੍ਰਸ਼ੰਸਕਾਂ ਦੇ ਬਾਰੇ ਵਿਚ ਸੋਚਦਾ ਹਾਂ ਤੇ ਪ੍ਰਾਰਥਨਾ ਕਰਦਾ ਹਾਂ। ਤੁਹਾਡਾ ਨੁਕਸਾਨ ਹੁਣ ਸਾਡੀ ਕਹਾਣੀ ਦਾ ਹਿੱਸਾ ਹੈ। ਅਸੀਂ ਮਿਲ ਕੇ ਸਾਵਧਾਨੀ, ਸਨਮਾਨ ਤੇ ਜ਼ਿੰਮੇਵਾਰੀ ਨਾਲ ਅੱਗੇ ਵਧਾਂਗੇ।’’

ਘਟਨਾ ਦੀ ਅਧਿਕਾਰਤ ਜਾਂਚ ਵਿਚ ਦੱਸਿਆ ਗਿਆ ਕਿ ਇਸ ਅਰਾਜਕਤਾ ਦਾ ਕਾਰਨ ਉਚਿਤ ਮਨਜ਼ੂਰੀ ਦੀ ਘਾਟ ਤੇ ਜ਼ਿਆਦਾ ਭੀੜ ਸੀ, ਜਿਹੜੀ ਫ੍ਰੈਂਚਾਈਜ਼ੀ ਵੱਲੋਂ ਸੋਸ਼ਲ ਮੀਡੀਆ ’ਤੇ ਭੇਜੇ ਗਏ ਸੱਦਿਆਂ ਕਾਰਨ ਉਮੜੀ ਸੀ। ਪੁਲਸ ਨੇ ਸਵੀਕਾਰ ਕੀਤਾ ਸੀ ਕਿ ਦਰਸ਼ਕਾਂ ਨੂੰ ਕੰਟਰੋਲ ਕਰਨ ਲਈ ਉਨ੍ਹਾਂ ਕੋਲ ਲੋੜੀਂਦੀ ਫੋਰਸ ਨਹੀਂ ਸੀ ਤੇ ਜਾਂਚ ਵਿਚ ਆਰ. ਸੀ. ਬੀ. ਨੂੰ ਪ੍ਰਸ਼ੰਸਕਾਂ ਨੂੰ ਵੱਡੀ ਗਿਣਤੀ ਵਿਚ ਆਉਣ ਲਈ ਉਤਸ਼ਾਹਿਤ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਗਿਆ। ਇਸ ਤੋਂ ਬਾਅਦ ਆਰ. ਸੀ. ਬੀ. ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਦਾ ਮੁਆਵਾਜ਼ਾ ਦੇਣ ਦਾ ਐਲਾਨ ਕੀਤਾ ਤੇ ਉਨ੍ਹਾਂ ਦੀ ਯਾਦ ਵਿਚ ਸੁਚੱਜੀ ਕਾਰਵਾਈ ਕਰਨ ਦਾ ਸੰਕਲਪ ਲਿਆ। ਇਸ ਨੇ ‘ਆਰ. ਸੀ. ਬੀ. ਕੇਅਰਸ’ ਨਾਮੀ ਇਕ ਫਾਊਂਡੇਸ਼ਨ ਵੀ ਸ਼ੁਰੂ ਕੀਤੀ, ਜਿਸ ਨੇ ਬਿਹਤਰ ਭੀੜ ਪ੍ਰਬੰਧਨ ਪ੍ਰੋਟੋਕਾਲ ਤਿਆਰ ਕਰਨ ਲਈ ਸਟੇਡੀਅਮ ਅਧਿਕਾਰੀਆਂ, ਖੇਡ ਬਾਡੀ ਤੇ ਲੀਗ ਹਿੱਸੇਦਾਰਾਂ ਦੇ ਨਾਲ ਮਿਲ ਕੇ ਕੰਮ ਕਰਨ ਦਾ ਵਾਅਦਾ ਕੀਤਾ ਹੈ।
 


author

Hardeep Kumar

Content Editor

Related News