ਬ੍ਰੈਡਮੈਨ ਤੋਂ ਬਾਅਦ ਕੋਹਲੀ ਇਹ ਕਾਰਨਾਮਾ ਕਰਨ ਵਾਲੇ ਦੁਨੀਆ ਦੇ ਦੂਜੇ ਬੱਲੇਬਾਜ਼ ਬਣੇ

12/16/2018 12:41:15 PM

ਪਰਥ : ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਮੌਜੂਦਾ ਸਮੇਂ ਵਿਚ ਦੁਨੀਆ ਦਾ ਸਭ ਤੋਂ ਬਿਹਰਤਰ ਬੱਲੇਬਾਜ਼ ਮੰਨਿਆ ਜਾਂਦਾ ਹੈ। ਜਿਸ ਤਰ੍ਹਾਂ ਕੋਹਲੀ ਰਿਕਾਰਡਾਂ ਦੇ ਢੇਰ 'ਤੇ ਚੜ੍ਹ ਰਹੇ ਹਨ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਜਲਦੀ ਹੀ ਕ੍ਰਿਕਟ ਜਗਤ ਦਾ ਹਰ ਰਿਕਾਰਡ ਆਪਣੇ ਨਾਂ ਕਰ ਲੈਣਗੇ। ਵਿਰਾਟ ਕੋਹਲੀ ਨੇ ਆਸਟਰੇਲੀਆ ਖਿਲਾਫ ਦੂਜੇ ਟੈਸਟ ਦੇ ਤੀਜੇ ਦਿਨ ਐਤਵਾਰ ਨੂੰ 25 ਵਾਂ ਸੈਂਕੜਾ ਪੂਰਾ ਕਰਦਿਆਂ ਹੀ ਸਰ ਡਾਨ ਬ੍ਰੈਡਮੈਨ ਤੋਂ ਬਾਅਦ ਸਭ ਤੋਂ ਘੱਟ ਪਾਰੀਆਂ ਵਿਚ ਇਹ ਉੁਪਲੱਧੀ ਹਾਸਲ ਕਰ ਲਈ। ਕੋਹਲੀ ਦਾ ਆਸਟਰੇਲੀਆਈ ਧਰਤੀ ਇਹ 6ਵਾਂ ਸੈਂਕੜਾ ਹੈ ਅਤੇ ਇਸ ਦੇ ਨਾਲ ਹੀ ਕੋਹਲੀ ਮਹਾਨ ਬੱਲੇਬਾਜ਼ ਅਤੇ ਆਪਣੇ ਬਚਪਨ ਦੇ ਹੀਰੋ ਸਚਿਨ ਤੇਂਦੁਲਕਰ ਦੀ ਬਰਾਬਰੀ ਕਰਨ 'ਚ ਕਾਮਯਾਬ ਰਹੇ।

PunjabKesari

ਕੋਹਲੀ ਨੇ 127 ਪਾਰੀਆਂ ਵਿਚ 25 ਟੈਸਟ ਸੈਂਕੜੇ ਪੂਰੇ ਕੀਤੇ ਜਦਕਿ ਤੇਂਦੁਲਕਰ 130 ਪਾਰੀਆਂ ਦੇ ਨਾਲ ਇਸ ਸੂਚੀ ਵਿਚ ਤੀਜੇ ਸਥਾਨ 'ਤੇ ਹਨ। ਬ੍ਰੈਡਮੈਨ ਨੇ ਸਿਰਫ 68 ਪਾਰੀਆਂ ਵਿਚ ਇਹ ਕਾਰਨਾਮਾ ਕੀਤਾ ਸੀ। ਭਾਰਤੀ ਕਪਤਾਨ ਨਵੇਂ ਪਰਥ ਸਟੇਡੀਅਮ ਵਿਚ ਸੈਂਕੜਾ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਹਨ। ਕੋਹਲੀ ਇਕ ਸਾਲ ਵਿਚ ਵਿਦੇਸ਼ੀ ਧਰਤੀ 1000 ਦੌੜਾਂ ਪੂਰੀਆਂ ਕਰਨ ਵਾਲੇ ਦੁਨੀਆ ਦੇ 11ਵੇਂ ਅਤੇ ਭਾਰਤ ਦੇ ਤੀਜੇ ਬੱਲੇਬਾਜ਼ ਹਨ। ਭਾਰਤੀ ਬੱਲੇਬਾਜ਼ਾਂ ਵਿਚੋਂ ਉਨ੍ਹਾਂ ਤੋਂ ਪਹਿਲਾਂ ਰਾਹੁਲ ਦ੍ਰਾਵਿੜ (2002 ਵਿਚ 18 ਪਾਰੀਆਂ ਵਿਚ 1137 ਦੌੜਾਂ) ਅਤੇ ਮੋਹਿੰਦਰ ਅਮਰਨਾਥ (1983 ਵਿਚ 16 ਪਾਰੀਆਂ ਵਿਚ 1065 ਦੌੜਾਂ) ਇਹ ਉਪਲੱਬਧੀ ਹਾਸਲ ਕਰ ਚੁੱਕੇ ਹਨ।

PunjabKesari

30 ਸਾਲਾਂ ਕੋਹਲੀ ਹਾਲਾਂਕਿ ਲੰਚ ਤੋਂ ਪਹਿਲਾਂ ਵਿਵਾਦਗ੍ਰਸਤ ਕੈਚ ਦਾ ਸ਼ਿਕਾਰ ਬਣੇ ਪਰ ਉਹ ਭਾਰਤ ਨੂੰ ਕਾਫੀ ਹਦ ਤੱਕ ਵਾਪਸੀ ਦਿਵਾਉਣ 'ਚ ਸਫਲ ਰਹੇ। ਕੋਹਲੀ ਨੇ ਮਿਸ਼ੇਲ ਸਟਾਰਕ ਦੇ ਗੇਂਦ 'ਤੇ ਚੌਕਾ ਲਾਉਣ ਦੇ ਨਾਲ ਆਸਟਰੇਲੀਆ ਖਿਲਾਫ ਆਪਣਾ 7ਵਾਂ ਸੈਂਕੜਾ ਪੂਰਾ ਕਿਤਾ। ਸੈਂਕੜਾ ਪੂਰਾ ਕਰਨ ਤੋਂ ਬਾਅਦ ਕੋਹਲੀ ਨੇ ਆਪਣਾ ਹੈਲਮੈਟ ਉਤਾਰ ਕੇ ਓਪਟਸ ਸਟੇਡੀਅਮ ਦੀ ਹਰੀ ਪਿਚ 'ਤੇ ਰੱਖ ਦਿੱਤਾ। ਭਾਰਤੀ ਪ੍ਰਸ਼ੰਸਕਾਂ ਨੇ ਸਟੈਂਡਸ ਤੋਂ ਸ਼ੋਰ ਮਚਾ ਕੇ ਕੋਹਲੀ ਦੀ ਹੌਸਲਾ ਅਫਜ਼ਾਈ ਕੀਤੀ। ਭਾਰਤੀ ਕਪਤਾਨ ਨੇ ਇਸ ਦੌਰਾਨ ਆਪਣੀ ਉਂਗਲ ਦੇ ਇਸ਼ਾਰੇ ਕੀਤੇ ਜਿਸ ਨੂੰ ਦੇਖ ਕੇ ਲੱਗਾ ਕਿ ਉਹ ਕਹਿਣਾ ਚਾਹੁੰਦੇ ਹਨ ਕਿ ਮੈਂ ਮੁੰਹ ਦੀ ਜਗ੍ਹਾ ਆਪਣੇ ਬੱਲੇ ਨਾਲ ਗੱਲ ਕਰਦਾ ਹਾਂ।
 

ਉਸ ਦੇ ਜਸ਼ਨ ਦੇ ਇਸ ਤਰੀਕੇ 'ਤੇ ਦੁਨੀਆ ਭਰ ਵਿਚ ਕ੍ਰਿਕਟ ਜਗਤ ਨਾਲ ਜੁੜੇ ਲੋਕਾਂ ਨੇ ਟਵੀਟ ਕੀਤੇ। ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਟਵੀਟ ਕੀਤਾ, ''ਜੇਕਰ ਕਿਸੇ ਨੇ ਸਾਰੇ ਅਲੱਗ-ਅਲੱਗ ਸਵਰੂਪਾਂ ਵਿਚ ਇਸ ਤੋਂ ਬਹਿਤਰ ਬੱਲੇਬਾਜ਼ ਦੇਖਿਆ ਹੈ ਤਾਂ ਫਿਰ ਮੈਂ ਉਸ ਨੂੰ ਨਹੀਂ ਦੇਖਿਆ.... ਵਿਰਾਟ ਕੋਹਲੀ ਬੇਜੋੜ ਹੈ। ਉਸ ਦੇ ਬੱਲੇ ਨੂੰ ਬੋਲਦੇ ਅਤੇ ਜਸ਼ਨ ਦਾ ਤਰੀਕਾ ਪਸੰਦ ਆਇਆ।''

ਆਸਟਰੇਲਆਈ ਸਾਬਕਾ ਮਹਾਨ ਸਪਿਨਰ ਸ਼ੇਨ ਵਾਰਨ ਨੇ ਲਿਖਿਆ, '' ਇਕ ਹੋਰ ਬਿਹਤਰੀਨ ਸੈਂਕੜੇ 'ਤੇ ਕੋਹਲੀ ਨੂੰ ਵਧਾਈ। ਕੌਮਾਂਤਰੀ ਕ੍ਰਿਕਟ ਖੇਡ ਰਹੇ ਅਤੇ ਇਸ ਧਰਤੀ 'ਤੇ ਮੌਜੂਦ ਕਿਸੇ ਵੀ ਹੋਰ ਬੱਲੇਬਾਜ਼ ਤੋਂ ਪੂਰੀ ਤਰ੍ਹਾਂ ਅਲੱਗ ਪੱਧਰ। ਦੇਖਣ 'ਚ ਬੇਹੱਦ ਮਜ਼ਾ ਆਉਂਦਾ ਹੈ, ਕਾਫੀ ਚੰਗਾ ਖੇਡੇ।''


Related News