ICC ODI ਰੈਂਕਿੰਗ 'ਚ ਕੋਹਲੀ, ਰੋਹਿਤ ਅਤੇ ਬੁਮਰਾਹ ਦਾ ਜਲਵਾ, ਜਾਣੋ ਹੋਰ ਬਾਕੀ ਕ੍ਰਿਕਟਰਾਂ ਬਾਰੇ ਵੀ

01/20/2020 4:37:48 PM

ਸਪੋਰਟਸ ਡੈਸਕ— ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਸੋਮਵਾਰ ਨੂੰ ਜਾਰੀ ਕੌਮਾਂਤਰੀ ਕ੍ਰਿਕਟ ਕਾਊਂਸਿਲ (ਆਈ. ਸੀ. ਸੀ.) ਵਨ-ਡੇ ਰੈਂਕਿੰਗ ਦੀ ਬੱਲੇਬਾਜ਼ੀ ਸੂਚੀ 'ਚ ਪਹਿਲੇ ਦੋ ਸਥਾਨਾਂ 'ਤੇ ਆਪਣੀ ਪਕੜ ਮਜ਼ਬੂਤ ਬਣਾਈ ਹੈ। ਜਸਪ੍ਰੀਤ ਬੁਮਰਾਹ ਨੇ ਗੇਂਦਬਾਜ਼ਾਂ ਦੀ ਸੂਚੀ 'ਚ ਚੋਟੀ ਦਾ ਸਥਾਨ ਬਰਕਰਾਰ ਰਖਿਆ ਹੈ। ਆਸਟਰੇਲੀਆ ਖਿਲਾਫ ਹਾਲ 'ਚ ਖਤਮ ਹੋਈ ਸੀਰੀਜ਼ 'ਚ ਭਾਰਤੀ ਕ੍ਰਿਕਟਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਇਹ ਵਨ-ਡੇ ਰੈਂਕਿੰਗ ਜਾਰੀ ਹੋਈ ਹੈ। ਭਾਰਤ ਨੇ ਇਹ ਸੀਰੀਜ਼ 2-1 ਨਾਲ ਜਿੱਤੀ ਹੈ। ਕੋਹਲੀ ਨੇ ਆਸਟਰੇਲੀਆ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ 'ਚ 183 ਦੌੜਾਂ ਜਦਕਿ ਰੋਹਿਤ ਨੇ 171 ਦੌੜਾਂ ਬਣਾਈਆਂ। ਰੋਹਿਤ ਨੇ ਬੈਂਗਲੁਰੂ 'ਚ ਤੀਜੇ ਵਨ-ਡੇ 'ਚ 119 ਦੌੜਾਂ ਦੀ ਪਾਰੀ ਖੇਡੀ ਸੀ। ਆਈ. ਸੀ. ਸੀ. ਦੇ ਬਿਆਨ ਮੁਤਾਬਕ ਕੋਹਲੀ ਦੇ 886 ਅਤੇ ਰੋਹਿਤ ਦੇ 868 ਅੰਕ ਹਨ। ਉਨ੍ਹਾਂ ਨੂੰ ਕ੍ਰਮਵਾਰ ਦੋ ਅਤੇ ਤਿੰਨ ਰੇਟਿੰਗ ਅੰਕ ਮਿਲੇ।
PunjabKesari
ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਦੋ ਪਾਰੀਆਂ 'ਚ 170 ਦੌੜਾਂ ਬਣਾਈਆਂ ਅਤੇ ਉਹ 7 ਪਾਇਦਾਨ ਉੱਪਰ 15ਵੇਂ ਸਥਾਨ 'ਤੇ ਪਹੁੰਚ ਗਏ। ਮੋਢੇ ਦੀ ਸੱਟ ਕਾਰਨ ਉਹ ਤੀਜੇ ਵਨ-ਡੇ 'ਚ ਬੱਲੇਬਾਜ਼ੀ ਨਹੀਂ ਕਰ ਸਕੇ। ਉਨ੍ਹਾਂ ਦੀ ਜਗ੍ਹਾ ਪਾਰੀ ਦਾ ਆਗਾਜ਼ ਕਰਨ ਵਾਲੇ ਕੇ. ਐੱਲ. ਰਾਹੁਲ ਨੇ ਤਿੰਨ ਮੈਚਾਂ 'ਚ ਕੁਲ 146 ਦੌੜਾਂ ਬਣਾਈਆਂ ਅਤੇ ਉਹ 21 ਪਾਇਦਾਨ ਚੜ੍ਹ ਕੇ 50ਵੇਂ ਸਥਾਨ 'ਤੇ ਪਹੁੰਚ ਗਏ। ਸੱਟ ਤੋਂ ਉਭਰ ਕੇ ਵਾਪਸੀ ਕਰਨ ਵਾਲੇ ਬੁਮਰਾਹ ਗੇਂਦਬਾਜ਼ਾਂ ਦੀ ਸੂਚੀ 'ਚ 764 ਅੰਕ ਲੈ ਕੇ ਚੋਟੀ 'ਤੇ ਹਨ। ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਦੋ ਪਾਇਦਾਨ ਉਪਰ ਚੜ੍ਹ ਕੇ 27ਵੇਂ ਸਥਾਨ 'ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਸੀਰੀਜ਼ 'ਚ 4 ਵਿਕਟਾਂ ਲਈਆਂ ਹਨ। ਜਡੇਜਾ ਨੇ 45 ਦੌੜਾਂ ਵੀ ਬਣਾਈਆਂ ਜਿਸ 'ਚ ਉਹ ਆਲਰਾਊਂਡਰਾਂ ਦੀ ਸੂਚੀ 'ਚ ਚਾਰ ਪਾਇਦਾਨ ਅੱਗੇ ਦਸਵੇਂ ਨੰਬਰ 'ਤੇ ਪਹੁੰਚ ਗਏ।


Tarsem Singh

Content Editor

Related News