IPL ''ਚ 300 ਛੱਕੇ ਤੇ 800 ਚੌਕੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣੇ ਵਿਰਾਟ ਕੋਹਲੀ
Friday, Apr 24, 2026 - 11:02 PM (IST)
ਸਪੋਰਟਸ ਡੈਸਕ - ਆਈ.ਪੀ.ਐੱਲ. 2026 ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਖੇਡੇ ਗਏ ਮੈਚ ਵਿੱਚ ਵਿਰਾਟ ਕੋਹਲੀ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਕਈ ਇਤਿਹਾਸਕ ਰਿਕਾਰਡ ਆਪਣੇ ਨਾਮ ਕਰ ਲਏ ਹਨ। ਵਿਰਾਟ ਕੋਹਲੀ ਹੁਣ ਆਈ.ਪੀ.ਐੱਲ. ਦੇ ਇਤਿਹਾਸ ਵਿੱਚ 300 ਛੱਕੇ ਅਤੇ 800 ਚੌਕੇ ਲਗਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ।
ਕੋਹਲੀ ਨੇ ਗੁਜਰਾਤ ਟਾਈਟਨਜ਼ ਦੇ ਗੇਂਦਬਾਜ਼ ਰਾਸ਼ਿਦ ਖਾਨ ਦੀ ਗੇਂਦ 'ਤੇ ਛੱਕਾ ਲਗਾ ਕੇ ਆਈ.ਪੀ.ਐੱਲ. ਵਿੱਚ ਆਪਣੇ 300 ਛੱਕੇ ਪੂਰੇ ਕੀਤੇ। ਉਹ ਇਸ ਮੁਕਾਮ 'ਤੇ ਪਹੁੰਚਣ ਵਾਲੇ ਦੁਨੀਆ ਦੇ ਤੀਜੇ ਅਤੇ ਭਾਰਤ ਦੇ ਦੂਜੇ ਬੱਲੇਬਾਜ਼ ਹਨ। ਉਨ੍ਹਾਂ ਤੋਂ ਪਹਿਲਾਂ ਕ੍ਰਿਸ ਗੇਲ (357 ਛੱਕੇ) ਅਤੇ ਰੋਹਿਤ ਸ਼ਰਮਾ (310 ਛੱਕੇ) ਇਹ ਉਪਲਬਧੀ ਹਾਸਲ ਕਰ ਚੁੱਕੇ ਹਨ। ਕੋਹਲੀ ਨੇ ਇਹ ਰਿਕਾਰਡ ਆਪਣੀ 266ਵੀਂ ਪਾਰੀ ਵਿੱਚ ਬਣਾਇਆ ਹੈ।
ਇਸ ਮੁਕਾਬਲੇ ਵਿੱਚ ਵਿਰਾਟ ਕੋਹਲੀ ਨੇ ਮਹਿਜ਼ 30 ਗੇਂਦਾਂ ਵਿੱਚ ਆਪਣਾ ਅਰਧ-ਸੈਂਕੜਾ ਪੂਰਾ ਕੀਤਾ। ਇਹ ਉਨ੍ਹਾਂ ਦੇ ਆਈ.ਪੀ.ਐੱਲ. ਕਰੀਅਰ ਦਾ 66ਵਾਂ ਅਰਧ-ਸੈਂਕੜਾ ਅਤੇ ਇਸ ਸੀਜ਼ਨ ਦਾ ਤੀਜਾ ਅਰਧ-ਸੈਂਕੜਾ ਹੈ। ਕੋਹਲੀ ਦੇ ਨਾਲ-ਨਾਲ ਦੇਵਦੱਤ ਪਡਿੱਕਲ ਨੇ ਵੀ ਤੂਫਾਨੀ ਪਾਰੀ ਖੇਡਦਿਆਂ ਸਿਰਫ 20 ਗੇਂਦਾਂ ਵਿੱਚ ਅਰਧ-ਸੈਂਕੜਾ ਜੜਿਆ।
ਵਿਰਾਟ ਕੋਹਲੀ ਦੀ ਇਸ ਪਾਰੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਜਦੋਂ ਉਹ ਮੈਦਾਨ ਵਿੱਚ ਉਤਰਦੇ ਹਨ, ਤਾਂ ਕੋਈ ਨਾ ਕੋਈ ਵੱਡਾ ਰਿਕਾਰਡ ਜ਼ਰੂਰ ਟੁੱਟਦਾ ਹੈ। ਉਨ੍ਹਾਂ ਦੀ ਇਸ ਇਤਿਹਾਸਕ ਸਫਲਤਾ ਨਾਲ ਆਰ.ਸੀ.ਬੀ. (RCB) ਦੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਹੈ।
