ਕੋਹਲੀ-ਰੋਹਿਤ ਨੇ ਨਹੀਂ ਮੰਨੀ ਗੱਲ, ICC ਨੇ ਕੀਤੀ ਸੀ ਝਗੜਾ ਖਤਮ ਕਰਨ ਦੀ ਕੋਸ਼ਿਸ਼
Sunday, Jul 28, 2019 - 11:52 AM (IST)

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਪ ਕਪਤਾਨ ਰੋਹਿਤ ਸ਼ਰਮਾ ਵਿਚਾਲੇ ਵਿਵਾਦ ਦੇ ਦਾਅਵਿਆਂ ਦੀ ਖਬਰਾਂ ਸਾਹਮਣੇ ਆ ਰਹੀਆਂ ਹਨ। ਸ਼ੁੱਕਰਵਾਰ ਨੂੰ ਬੀ. ਸੀ. ਸੀ. ਆਈ. ਦੀ ਪ੍ਰਸ਼ਾਸਕਾਂ ਦੀ ਕਮੇਟੀ (ਸੀ. ਈ. ਓ.) ਦੇ ਪ੍ਰਮੁੱਖ ਵਿਨੋਦ ਰਾਏ ਨੇ ਉਨ੍ਹਾਂ ਦੋਹਾਂ ਵਿਚਾਲੇ ਖਿੱਚੋਤਾਣ ਨੂੰ ਖਾਰਜ ਕਰ ਦਿੱਤਾ ਸੀ। ਬੀ.ਸੀ.ਸੀ.ਆਈ. ਦੇ ਸੀਨੀਅਰ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਸੀ ਓ ਏ ਨੇ ਖਿਡਾਰੀਆਂ ਨਾਲ ਗੱਲ ਕੀਤੀ ਅਤੇ ਟੀਮ 'ਚ 'ਸਭ ਕੁਝ ਸਹੀ ਹੈ' ਜਿਹੀ ਪੋਸਟ ਸੋਸ਼ਲ ਮੀਡੀਆ 'ਤੇ ਲਿਖਣ ਨੂੰ ਕਿਹਾ ਸੀ। ਨਾਲ ਹੀ ਉਨ੍ਹਾਂ ਦੱਸਿਆ ਹੈ ਕਿ ਟੀਮ ਇੰਡੀਆ ਦੀ ਇੰਗਲੈਂਡ ਖਿਲਾਫ ਹਾਰ ਦੇ ਬਾਅਦ ਇਹ ਖਿੱਚੋਤਾਣ ਸ਼ੁਰੂ ਹੋਈ। ਇਸ ਹਾਰ ਲਈ ਗੇਂਦਬਾਜ਼ਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ।
ਰਿਪੋਰਟ 'ਚ ਅੱਗੇ ਦਾਅਵਾ ਕੀਤਾ ਗਿਆ ਹੈ ਕਿ ਕੋਹਲੀ ਅਤੇ ਰੋਹਿਤ ਵਿਚਾਲੇ ਵਿਵਾਦ ਬਾਰੇ ਸਾਰਿਆਂ ਨੂੰ ਜਾਣਕਾਰੀ ਹੈ। ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਹੋਈ ਸੀ ਪਰ ਗੱਲ ਬਣ ਨਹੀਂ ਸਕੀ। ਇਸ 'ਚ ਸੀ.ਓ.ਏ. ਦੇ ਹਵਾਲੇ ਤੋਂ ਲਿਖਿਆ ਗਿਆ ਹੈ ਜਦੋਂ ਤਕ ਖਿਡਾਰੀ ਉਨ੍ਹਾਂ ਕੋਲ ਮਦਦ ਲਈ ਨਹੀਂ ਆ ਜਾਂਦੇ ਹਨ ਉਹ ਦਖਲ ਨਹੀਂ ਦੇਣਗੇ। ਜਦੋਂ ਤਕ ਉਹ ਖ਼ੁਦ ਨਹੀਂ ਕਹਿਣਗੇ ਉਦੋਂ ਤਕ ਉਨ੍ਹਾਂ ਨੂੰ ਕੋਈ ਵਿਵਾਦ ਨਜ਼ਰ ਨਹੀਂ ਆਉਂਦਾ ਹੈ। ਇਸ ਤੋਂ ਪਹਿਲਾਂ ਸੀ.ਓ.ਏ. ਪ੍ਰਮੁੱਖ ਵਿਨੋਦ ਰਾਏ ਨੇ ਇਸ ਤਰ੍ਹਾਂ ਦੀਆਂ ਖਬਰਾਂ ਲਈ ਮੀਡੀਆ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਨ੍ਹਾਂ ਕਿਹਾ ਸੀ, ''ਇਸ ਤਰ੍ਹਾਂ ਦੀਆਂ ਸਾਰੀਆਂ ਕਹਾਣੀਆਂ ਤੁਸੀਂ ਲੋਕਾਂ ਨੇ ਹੀ ਤਿਆਰ ਕੀਤੀਆਂ ਹਨ।''
ਜ਼ਿਕਰਯੋਗ ਹੈ ਕਿ ਕ੍ਰਿਕਟ ਵਰਲਡ ਕੱਪ 2019 ਦੇ ਦੌਰਾਨ ਦੋਹਾਂ ਵਿਚਾਲੇ ਕਈ ਮਸਲਿਆਂ 'ਤੇ ਵਿਵਾਦ ਸੀ ਅਤੇ ਟੀਮ ਦੋ ਧੜਿਆਂ 'ਚ ਵੰਡੀ ਹੋਈ ਸੀ। ਪਹਿਲਾ ਧੜਾ ਵਿਰਾਟ ਕੋਹਲੀ ਦਾ ਸੀ ਜਦਕਿ ਦੂਜਾ ਧੜਾ ਰੋਹਿਤ ਸ਼ਰਮਾ ਦਾ। ਰੋਹਿਤ ਸ਼ਰਮਾ ਦੇ ਧੜੇ ਦੇ ਖਿਡਾਰੀਆਂ ਨੂੰ ਵਿਰਾਟ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਦੇ ਫੈਸਲੇ ਢੁਕਵੇਂ ਨਹੀਂ ਲੱਗੇ। ਕਈ ਮੌਕਿਆਂ 'ਤੇ ਰੋਹਿਤ ਨੇ ਕੋਹਲੀ ਦੇ ਫੈਸਲਿਆਂ 'ਤੇ ਨਾਰਾਜ਼ਗੀ ਪ੍ਰਗਟਾਈ। ਇਸ ਨਾਲ ਦੋਹਾਂ ਵਿਚਾਲੇ ਵਿਵਾਦ ਵਧਦਾ ਹੀ ਗਿਆ।