ਕੀ ਕੋਹਲੀ-ਸ਼ਾਸਤਰੀ ਖਿਲਾਫ ਟੀਮ ਇੰਡੀਆ ''ਚ ਬਗਾਵਤ ਹੋਣ ਵਾਲੀ ਹੈ!
Thursday, Sep 06, 2018 - 02:28 PM (IST)

ਨਵੀਂ ਦਿੱਲੀ— ਟੀਮ ਇੰਡੀਆ ਦਾ ਇੰਗਲੈਂਡ ਦੌਰਾ ਹੁਣ ਆਪਣੇ ਆਖਰੀ ਪੜਾਅ 'ਤੇ ਹੈ, ਪੰਜ ਮੈਚਾਂ ਦੀ ਸੀਰੀਜ਼ 'ਚ ਭਾਰਤ 1-3 ਨਾਲ ਪਿੱਛੜ ਚੁੱਕਾ ਹੈ ਅਤੇ ਜੇਕਰ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਆਖਰੀ ਟੈਸਟ ਨੂੰ ਭਾਰਤ ਜਿੱਤ ਵੀ ਲਵੇ ਤਾਂ ਵੀ ਸੀਰੀਜ਼ 'ਚ ਉਸ ਦੀ ਹਾਰ ਦਾ ਇਤਿਹਾਸ ਲਿਖਿਆ ਜਾ ਚੁੱਕਾ ਹੈ। ਇਸ ਦੌਰੇ 'ਤੇ ਭਾਰਤੀ ਟੀਮ ਦੇ ਪ੍ਰਦਰਸ਼ਨ ਅਤੇ ਕੋਹਲੀ-ਸ਼ਾਸਤਰੀ ਦੀ ਜੋੜੀ ਦੀ ਅਸਫਲ ਰਣਨੀਤੀ ਦੀ ਪ੍ਰਸ਼ੰਸਕ ਤਾਂ ਆਲੋਚਨਾ ਕਰ ਹੀ ਰਹੇ ਹਨ ਨਾਲ ਹੀ ਟੀਮ ਦੇ ਅੰਦਰ ਵੀ ਟੀਮ ਮੈਨੇਜਮੈਂਟ ਨੂੰ ਲੈ ਕੇ ਬਗਾਵਤ ਦੇ ਸੁਰ ਪੈਦਾ ਹੋ ਰਹੇ ਹਨ। ਖਾਸ ਤੌਰ 'ਤੇ ਹਰ ਮੁਕਾਬਲੇ ਤੋਂ ਪਹਿਲਾਂ ਖਿਡਾਰੀਆਂ ਵਿਚਾਲੇ ਅਸੁਰੱਖਿਆ ਦੀ ਭਾਵਨਾ ਆਉਣਾ, ਸ਼ਾਸਤਰੀ-ਕੋਹਲੀ ਦੀ ਅਸਫਲ ਰਣਨੀਤੀ ਨੂੰ ਲੈ ਕੇ ਖਿਡਾਰੀਆਂ 'ਚ ਗੁੱਸਾ ਪੈਦਾ ਹੋ ਰਿਹਾ ਹੈ।
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਟੀਮ ਇੰਡੀਆ ਦੇ ਕੁਝ ਖਿਡਾਰੀਆਂ ਨੇ ਇਸ ਮਸਲੇ 'ਤੇ ਆਪਣੀਆਂ ਭਾਵਨਾਵਾਂ ਪ੍ਰਗਟਾਈਆਂ ਹਨ ਅਤੇ ਦੱਸਿਆ ਹੈ ਕਿ ਕਿਵੇਂ ਟੀਮ ਮੈਨੇਜਮੈਂਟ ਦੇ ਫੈਸਲਿਆਂ ਨੇ ਖਿਡਾਰੀਆਂ ਦੇ ਮਨੋਬਲ ਨੂੰ ਤੋੜ ਦਿੱਤਾ ਹੈ। ਇਕ ਖਿਡਾਰੀ ਮੁਤਾਬਕ ਟੀਮ 'ਚ ਲਗਾਤਾਰ ਬਦਲਾਅ ਕਰਨ ਨਾਲ ਖਿਡਾਰੀਆਂ ਦਾ ਆਤਮਵਿਸ਼ਵਾਸ ਹਿਲ ਗਿਆ ਹੈ, ਉਹ ਕਹਿੰਦੇ ਹਨ, ''ਕਿੰਨਾ ਚੰਗਾ ਹੁੰਦਾ ਕਿ ਸਾਨੂੰ ਦੱਸ ਦਿੱਤਾ ਜਾਂਦਾ ਕਿ ਇਹ ਖਿਡਾਰੀ ਪਹਿਲੇ ਤਿੰਨ ਟੈਸਟ 'ਚ ਖੇਡਣਗੇ ਅਤੇ ਹਰ ਖਿਡਾਰੀ ਬਿਨਾ ਕਿਸੇ ਫਿਕਰ ਦੇ ਆਪਣੇ ਪ੍ਰਦਰਸ਼ਨ 'ਤੇ ਫੋਕਸ ਕਰ ਸਕਦਾ। ਕੋਹਲੀ ਭਾਵੇਂ ਕਪਤਾਨ ਹਨ, ਟੀਮ ਦਾ ਭਲਾ ਹੀ ਚਾਹੁੰਦੇ ਹਨ ਪਰ ਲਗਾਤਾਰ ਪਲੇਇੰਗ ਇਲੈਵਨਸ 'ਚ ਬਦਲਾਅ ਕਰਨ ਨਾਲ ਖਿਡਾਰੀਆਂ ਦੇ ਮਨੋਬਲ ਟੁੱਟ ਜਾਂਦਾ ਹੈ।''
ਇਕ ਦੂਜੇ ਕ੍ਰਿਕਟਰ ਦਾ ਕਹਿਣਾ ਹੈ, ''ਜਦੋਂ ਕਿਸੇ ਖਿਡਾਰੀ ਨੂੰ ਬਸ ਇਕ ਮੈਚ ਦੀ ਅਸਫਲਤਾ ਦੇ ਬਾਅਦ ਹਟਾ ਦਿੱਤਾ ਜਾਂਦਾ ਹੈ ਤਾਂ ਮਨ 'ਚ ਇਕ ਹੀ ਸਵਾਲ ਹੁੰਦਾ ਹੈ ਕਿ ਉਹ ਕਿਉਂ ਅਜਿਹਾ ਕਰ ਰਹੇ ਹਨ।'' ਸਵਾਲ ਤਾਂ ਹੈੱਡ ਕੋਚ ਰਵੀ ਸ਼ਾਸਤਰੀ ਦੀ ਭੂਮਿਕਾ 'ਤੇ ਵੀ ਹੈ। ਖਿਡਾਰੀਆਂ ਨੂੰ ਲਗਦਾ ਹੈ ਕਿ ਬਿਨਾ ਸ਼ਾਸਤਰੀ ਦੀ ਮਨਜ਼ੂਰੀ ਦੇ ਕੋਹਲੀ ਟੀਮ 'ਚ ਬਦਲਾਅ ਨਹੀਂ ਕਰ ਸਕਦੇ। ਇਕ ਕ੍ਰਿਕਟਰ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਸ਼ਾਸਤਰੀ ਨੂੰ ਲਗਦਾ ਹੋਵੇ ਕਿ ਅਸੀਂ ਉਨ੍ਹਾਂ ਮੁਤਾਬਕ ਨਹੀਂ ਖੇਡ ਰਹੇ ਪਰ ਜੇਕਰ ਸਾਡੇ ਮਨ 'ਚ ਅਸੁਰੱਖਿਆ ਦੀ ਭਾਵਨਾ ਆ ਜਾਵੇਗੀ ਤਾਂ ਅਸੀਂ ਮੈਚ ਕਿਵੇਂ ਜਿੱਤ ਸਕਾਂਗੇ।
ਫਿਲਹਾਲ ਟੀਮ ਇੰਡੀਆ ਦੇ ਮੈਂਬਰਾਂ ਦੇ ਇਨ੍ਹਾਂ ਬਿਆਨਾਂ ਨਾਲ ਇਕ ਗੱਲ ਸਾਫ ਹੈ ਕਿ ਟੀਮ ਮੈਨੇਜਮੈਂਟ ਦੇ ਫੈਸਲਿਆਂ ਨੂੰ ਲੈ ਕੇ ਟੀਮ ਦੇ ਅੰਦਰ ਫੈਲੀ ਅਸੁਰੱਖਿਆ ਦੀ ਭਾਵਨਾ ਬਗਾਵਤ ਦਾ ਰੁਪ ਵੀ ਲੈ ਸਕਦੀ ਹੈ।