ਵਿਰਾਟ ਦਾ ਜੋਸ਼ ਫੀਲਡਿੰਗ ਕਰਦੇ ਸਮੇਂ ਹੋਰਨਾਂ ਖਿਡਾਰੀਆਂ ਨੂੰ ਵੀ ਪ੍ਰੇਰਿਤ ਕਰਦੈ : ਟੀ. ਦਿਲੀਪ
Wednesday, Aug 12, 2026 - 01:46 PM (IST)
ਨਵੀਂ ਦਿੱਲੀ– ਭਾਰਤ ਦੇ ਸਾਬਕਾ ਫੀਲਡਿੰਗ ਕੋਚ ਟੀ. ਦਿਲੀਪ ਨੇ ਕਿਹਾ ਵਿਰਾਟ ਕੋਹਲੀ ਦਾ ਫੀਲਡਿੰਗ ਕਰਦੇ ਸਮੇਂ ਜੋਸ਼ ਹੋਰਨਾਂ ਖਿਡਾਰੀਆਂ ’ਤੇ ਵੀ ਸਾਕਾਰਾਤਮਕ ਪ੍ਰਭਾਵ ਪਾਉਂਦਾ ਹੈ ਤੇ ਇਸ ਨਾਲ ਘੱਟੋ-ਘੱਟ 5 ਹੋਰ ਖਿਡਾਰੀ ਆਪਣੀ ਹੱਦ ਤੋਂ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਹੁੰਦੇ ਹਨ। ਦਿਲੀਪ ਦਾ ਭਾਰਤੀ ਟੀਮ ਨਾਲ ਲੱਗਭਗ 5 ਸਾਲ ਦਾ ਕਾਰਜਕਾਲ ਹਾਲ ਹੀ ’ਚ ਇੰਗਲੈਂਡ ਦੌਰੇ ਤੋਂ ਬਾਅਦ ਖਤਮ ਹੋਇਆ। ਉਸ ਨੇ ਅਭਿਆਸ ਤੇ ਮੈਚ ਦੇ ਦੌਰਾਨ ਜੋਸ਼ ਤੇ ਜਜ਼ਬਾ ਬਣਾਈ ਰੱਖਣ ਲਈ ਕੋਹਲੀ ਦੀ ਸ਼ਲਾਘਾ ਕੀਤੀ।
ਦਿਲੀਪ ਨੇ ਕਿਹਾ, ‘‘ਜਦੋਂ ਵਿਰਾਟ ਕੋਹਲੀ ਦੀ ਗੱਲ ਆਉਂਦੀ ਹੈ ਤਾਂ ਉਸ ਦੇ ਜੋਸ਼ ਦਾ ਕੋਈ ਮੁਕਾਬਲਾ ਨਹੀਂ ਹੈ। ਤੁਸੀਂ ਉਸ ਨੂੰ ਪਾਵਰਪਲੇਅ ’ਚ ਦੇਖਿਆ ਹੈ, ਇਕ ਬੱਲੇਬਾਜ਼ ਦੇ ਰੂਪ ’ਚ ਉਸ ਦੀ ਖੇਡ ਦੇਖੀ ਹੈ। ਭਾਵੇਂ ਉਹ ਕਵਰ ’ਤੇ ਹੋਵੇ ਜਾਂ ਸ਼ਾਰਟ ਮਿਡਵਿਕਟ ’ਤੇ, ਉਸ ਦੀ ਫੁਰਤੀ ਤੇ ਉਸ ਦੀਆਂ ਡਾਈਵਜ਼ ਦਾ ਕੋਈ ਜਵਾਬ ਨਹੀਂ ਹੈ।’’ਉਸ ਨੇ ਕਿਹਾ, ‘‘ਪਿਛਲੀ ਲੜੀ ’ਚ ਵੀ ਉਹ ਸ਼ਾਨਦਾਰ ਡਾਈਵ ਲਾ ਰਿਹਾ ਸੀ ਤੇ ਕਾਫੀ ਚੁਸਤ-ਦਰੁਸਤ ਸੀ। ਉਹ ਖੇਡ ’ਚ ਹਰ ਸਮੇਂ ਆਪਣਾ ਸਭ ਕੁਝ ਝੋਂਕ ਦਿੰਦਾ ਹੈ।’’ ਦਿਲੀਪ ਨੇ ਕਿਹਾ, ‘‘ਆਪਣੇ ਕਰੀਅਰ ਦੇ ਇਸ ਮੋੜ ’ਤੇ ਵੀ ਉਹ ਡੈੱਥ ਓਵਰਾਂ ’ਚ ਇਕ ਪਾਸੇ ਤੋਂ ਦੂਜੇ ਪਾਸੇ ਤੱਕ ਦੌੜਦਾ ਹੈ। ਜਦੋਂ ਫੀਲਡਿੰਗ ਫੈਲੀ ਹੁੰਦੀ ਹੈ ਤਾਂ ਸਰਕਲ ਤੋਂ ਬਾਹਰ ਨਿਕਲਣ ਵਾਲਾ ਉਹ ਪਹਿਲਾ ਖਿਡਾਰੀ ਹੁੰਦਾ ਹੈ। ਟੀਮ ਲਈ ਅਜਿਹਾ ਕਰਨਾ ਸ਼ਾਨਦਾਰ ਹੈ।’’
