Tokyo Paralympics : ਵਿਨੋਦ ਕੁਮਾਰ ਨੂੰ ਡਿਸਕਸ ਥ੍ਰੋਅ 'ਚ ਨਹੀਂ ਮਿਲੇਗਾ ਜਿੱਤਿਆ ਹੋਇਆ ਕਾਂਸੀ ਤਮਗ਼ਾ

Monday, Aug 30, 2021 - 04:35 PM (IST)

Tokyo Paralympics : ਵਿਨੋਦ ਕੁਮਾਰ ਨੂੰ ਡਿਸਕਸ ਥ੍ਰੋਅ 'ਚ ਨਹੀਂ ਮਿਲੇਗਾ ਜਿੱਤਿਆ ਹੋਇਆ ਕਾਂਸੀ ਤਮਗ਼ਾ

ਟੋਕੀਓ- ਟੋਕੀਓ ਪੈਰਾਲੰਪਿਕਸ 'ਚ ਭਾਰਤ ਨੂੰ ਝਟਕਾ ਲੱਗਾ ਹੈ। ਡਿਸਕਸ ਥ੍ਰੋਅ 'ਚ ਵਿਨੋਦ ਕੁਮਾਰ ਨੇ ਜੋ ਕਾਂਸੀ ਤਮਗ਼ਾ ਜਿੱਤਿਆ ਸੀ, ਉਹ ਉਨ੍ਹਾਂ ਨੂੰ ਨਹੀਂ ਮਿਲੇਗਾ। ਦਸ ਦਈਏ ਕਿ ਵਿਰੋਧ ਦੇ ਬਾਅਦ ਮੈਡਲ ਨੂੰ ਹੋਲਡ 'ਤੇ ਰੱਖਿਆ ਗਿਆ ਸੀ। ਹੁਣ ਫ਼ੈਸਲਾ ਹੋਇਆ ਹੈ ਕਿ ਵਿਨੋਦ ਨੂੰ ਇਹ ਮੈਡਲ ਨਹੀਂ ਦਿੱਤਾ ਜਾਵੇਗਾ। ਟੋਕੀਓ ਪੈਰਾਲੰਪਿਕਸ ਦੇ ਤਕਨੀਕੀ ਪ੍ਰਤੀਨਿਧੀ ਨੇ ਇਹ ਤੈਅ ਕੀਤਾ ਹੈ ਕਿ ਵਿਨੋਦ ਕੁਮਾਰ ਡਿਸਕਸ ਥ੍ਰੋਅ (F52 ਕਲਾਸ) ਦੇ ਲਈ ਯੋਗ ਸ਼੍ਰੇਣੀ 'ਚ ਨਹੀਂ ਆਉਂਦੇ।
ਇਹ ਵੀ ਪੜ੍ਹੋ :ਪੈਰਾਲੰਪਿਕ ’ਚ ਪਹਿਲਾ ਸੋਨ ਤਮਗਾ ਜਿੱਤਣ ਵਾਲੀ ਅਵਨੀ ਲੇਖਰਾ ਨੇ ਕਦੇ ਨਹੀਂ ਮੰਨੀ ਹਾਰ, ਹਾਦਸੇ ਨੇ ਬਦਲੀ ਜ਼ਿੰਦਗੀ

ਜ਼ਿਕਰਯੋਗ ਹੈ ਕਿ ਵਿਨੋਦ ਕੁਮਾਰ ਨੇ ਮੈਡਲ ਜਿੱਤਿਆ ਸੀ, ਪਰ ਉਨ੍ਹਾਂ ਦੇ ਵਿਕਾਰ ਦੇ ਕਲਾਸੀਫਿਕੇਸ਼ਨ 'ਤੇ ਵਿਰੋਧ ਜਤਾਇਆ ਗਿਆ, ਜਿਸ ਤੋਂ ਬਾਅਦ ਮੈਡਲ ਨੂੰ ਰੋਕ ਦਿੱਤਾ ਗਿਆ। ਬੀ. ਐੱਸ. ਐੱਫ. ਦੇ 41 ਸਾਲ ਦੇ ਜਵਾਨ ਵਿਨੋਦ ਕੁਮਾਰ ਨੇ 19.91 ਮੀਟਰ ਦੇ ਸਰਵਸ੍ਰੇਸ਼ਠ ਥ੍ਰੋਅ ਤੋਂ ਤੀਜਾ ਸਥਾਨ ਹਾਸਲ ਕੀਤਾ ਸੀ। ਉਹ ਪੋਲੈਂਡ ਦੇ ਪਿਯੋਟ੍ਰ ਕੋਸੇਵਿਜ (20.02) ਤੇ ਕ੍ਰੋਏਸ਼ੀਆ ਦੇ ਵੇਲੀਮੀਰ ਸੈਂਡੋਰ (19.98 ਮੀਟਰ) ਦੇ ਪਿੱਛੇ ਰਹੇ, ਜਿਨ੍ਹਾਂ ਨੇ ਕ੍ਰਮਵਾਰ ਸੋਨ ਤੇ ਚਾਂਦੀ ਦੇ ਤਮਗ਼ੇ ਆਪਣੇ ਨਾਂ ਕੀਤੇ ਸਨ। ਪਰ ਨਤੀਜਿਆਂ ਦੇ ਬਾਅਦ ਐੱਫ਼52 ਦੇ ਉਨ੍ਹਾਂ ਦੇ ਕਲਾਸੀਫਿਕੇਸ਼ਨ 'ਤੇ ਇਤਰਾਜ਼ ਜਤਾਇਆ ਗਿਆ। ਕਿਸੇ ਮੁਕਾਬਲੇਬਾਜ਼ ਨੇ ਇਸ ਨਤੀਜੇ ਨੂੰ ਚੁਣੌਤੀ ਦਿੱਤੀ। ਆਯੋਜਕਾਂ ਨੇ ਇਕ ਬਿਆਨ 'ਚ ਕਿਹਾ ਕਿ ਪੈਨਲ ਨੇ ਪਾਇਆ ਕਿ ਐੱਨ. ਪੀ. ਸੀ. (ਰਾਸ਼ਟਰੀ ਪੈਰਾਲੰਪਿਕ ਕਮੇਟੀ) ਭਾਰਤ ਦੇ ਐਥਲੀਟ ਵਿਨੋਦ ਕੁਮਾਰ ਨੂੰ 'ਸਪੋਰਟਸ ਕਲਾਸ' ਨਹੀਂ ਦੇ ਸਕੀ ਤੇ ਖਿਡਾਰੀ ਦੀ 'ਕਲਾਸੀਫਿਕੇਸ਼ਨ' ਨੂੰ ਪੂਰਾ ਨਹੀ ਕੀਤਾ ਗਿਆਾ।

ਕੌਣ ਲੈ ਸਕਦਾ ਸੀ ਇਸ ਪ੍ਰਤੀਯੋਗਿਤਾ 'ਚ ਹਿੱਸਾ?
ਐੱਫ਼52 ਮੁਕਾਬਲੇ 'ਚ ਉਹ ਐਥਲੀਟ ਹਿੱਸਾ ਲੈਂਦੇ ਹਨ ਜਿਨ੍ਹਾਂ ਦੀਆਂ ਮਾਸਪੇਸ਼ੀਆਂ ਦੀ ਸਮਰਥਾ ਕਮਜ਼ੋਰ ਹੁੰਦੀ ਹੈ ਤੇ ਉਨ੍ਹਾਂ ਦੇ ਮੂਵਮੈਂਟ ਸੀਮਿਤ ਹੁੰਦੇ ਹਨ, ਹੱਥਾਂ 'ਚ ਵਿਕਾਰ ਹੁੰਦਾ ਹੈ ਜਾਂ ਪੈਰ ਦੀ ਲੰਬਾਈ 'ਚ ਫ਼ਰਕ ਹੁੰਦਾ ਹੈ, ਜਿਸ ਨਾਲ ਖਿਡਾਰੀ ਬੈਠ ਕੇ ਮੁਕਾਬਲੇ 'ਚ ਹਿੱਸਾ ਲੈਂਦਾ ਹੈ। ਰੀੜ੍ਹ ਦੀ ਹੱਡੀ 'ਚ ਸੱਟ ਵਾਲੇ ਜਾਂ ਅਜਿਹੇ ਖਿਡਾਰੀ ਜਿਨ੍ਹਾਂ ਦਾ ਕੋਈ ਅੰਗ ਕੱਟਿਆ ਹੋਵੇ , ਉਹ ਵੀ ਇਸੇ ਵਰਗ 'ਚ ਹਿੱਸਾ ਲੈਂਦੇ ਹਨ।

ਕਰੀਬ ਇਕ ਦਹਾਕੇ ਤਕ ਬਿਸਤਰੇ 'ਤੇ ਰਹੇ ਸਨ ਵਿਨੋਦ
ਵਿਨੋਦ ਦੇ ਪਿਤਾ ਫ਼ੌਜ 'ਚ ਸਨ ਤੇ 1971 ਭਾਰਤ-ਪਾਕਿ ਜੰਗ 'ਚ ਲੜੇ ਸਨ। ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਨਾਲ ਜੁੜਨ ਦੇ ਬਾਅਦ ਟ੍ਰੇਨਿੰਗ ਕਰਦੇ ਹੋਏ ਵਿਨੋਦ ਲੇਹ 'ਚ ਇਕ ਚੋਟੀ ਤੋਂ ਡਿੱਗੇ ਸਨ ਜਿਸ ਕਰਕੇ ਉਨ੍ਹਾਂ ਦੇ ਪੈਰ 'ਤੇ ਸੱਟ ਲੱਗੀ ਸੀ। ਇਸ ਕਾਰਨ ਉਹ ਕਰੀਬ ਇਕ ਦਹਾਕੇ ਤਕ ਬਿਸਤਰੇ 'ਤੇ ਰਹੇ ਸਨ ਤੇ ਇਸ ਦੌਰਾਨ ਉਨ੍ਹਾਂ ਦੇ ਮਾਤਾ-ਪਿਤਾ ਦੋਵਾਂ ਦਾ ਦਿਹਾਂਤ ਹੋ ਗਿਆ ਸੀ। 

ਉਨ੍ਹਾਂ ਦੀ ਸਥਿਤੀ 'ਚ 2012 ਦੇ ਬਾਅਦ ਸੁਧਾਰ ਹੋਇਆ। ਪੈਰਾ ਖੇਡਾਂ 'ਚ ਉਨ੍ਹਾਂ ਦੀ ਮੁਹਿੰਮ 2016 ਰੀਓ ਖੇਡਾਂ ਦੇ ਬਾਅਦ ਸ਼ੁਰੂ ਹੋਈ। ਉਨ੍ਹਾਂ ਨੇ ਰੋਹਤਕ ਦੇ ਭਾਰਤੀ ਖੇਡ ਅਥਾਰਿਟੀ ਕੇਂਦਰ 'ਚ ਅਭਿਆਸ ਸ਼ੁਰੂ ਕੀਤਾ ਤੇ ਰਾਸ਼ਟਰੀ ਪ੍ਰਤੀਯੋਗਿਤਾ 'ਚ ਦੋ ਵਾਰ ਕਾਂਸੀ ਤਮਗ਼ੇ ਜਿੱਤੇ।

ਇਹ ਵੀ ਪੜ੍ਹੋ : ਭਾਰਤੀ ਆਲਰਾਊਂਡਰ ਸਟੁਅਰਟ ਬਿੰਨੀ ਨੇ ਕੀਤਾ ਸੰਨਿਆਸ ਦਾ ਐਲਾਨ, ਵਨ-ਡੇ 'ਚ ਅਜੇ ਵੀ ਕਾਇਮ ਹੈ ਇਹ ਰਿਕਾਰਡ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News