ਕਰਨਾਟਕ ਨੂੰ 128 ਦੌੜਾਂ ਨਾਲ ਹਰਾ ਕੇ ਵਿਦਰਭ ਰਣਜੀ ਟਰਾਫੀ ਦੇ ਸੈਮੀਫਾਈਨਲ ’ਚ
Tuesday, Feb 27, 2024 - 07:21 PM (IST)
ਨਾਗਪੁਰ, (ਭਾਸ਼ਾ)– ਹਰਸ਼ ਦੂਬੇ ਤੇ ਆਦਿੱਤਿਆ ਸਰਵਟੇ ਦੀਆਂ 4-4 ਵਿਕਟਾਂ ਦੀ ਬਦੌਲਤ ਵਿਦਰਭ ਨੇ ਮੰਗਲਵਾਰ ਨੂੰ ਇੱਥੇ ਕਰਨਾਟਕ ਨੂੰ 128 ਦੌੜਾਂ ਨਾਲ ਹਰਾ ਕੇ ਰਣਜੀ ਟਰਾਫੀ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ। ਕਰਨਾਟਕ ਨੇ 371 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦਿਨ ਦੀ ਸ਼ੁਰੂਆਤ 1 ਵਿਕਟ ’ਤੇ 103 ਦੌੜਾਂ ਤੋਂ ਕੀਤੀ ਸੀ।
ਮੰਗਲਵਾਰ ਨੂੰ ਮੈਚ ਦੇ 5ਵੇਂ ਤੇ ਆਖਰੀ ਦਿਨ ਸਵੇਰ ਦੇ ਸੈਸ਼ਨ ਵਿਚ ਕਰਨਾਟਕ ਨੇ ਲਗਾਤਾਰ ਵਿਕਟਾਂ ਗੁਆਈਆਂ, ਜਿਸ ਨਾਲ ਉਸਦੀਆਂ ਜਿੱਤ ਦਰਜ ਕਰਨ ਦੀਆਂ ਉਮੀਦਾਂ ਟੁੱਟ ਗਈਆਂ।ਕਰਨਾਟਕ ਨੂੰ ਆਖਰੀ ਦਿਨ 268 ਦੌੜਾਂ ਦੀ ਲੋੜ ਸੀ ਜਦਕਿ ਉਸਦੀਆਂ 9 ਵਿਕਟਾਂ ਬਾਕੀ ਸਨ ਪਰ ਦੂਬੇ ਤੇ ਸਰਵਟੇ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਵਿਦਰਭ ਦੀ ਟੀਮ ਵੱਡੀ ਜਿੱਤ ਦਰਜ ਕਰਨ ਵਿਚ ਸਫਲ ਰਹੀ। ਕਰਨਾਟਕ ਨੇ ਸਵੇਰ ਦੇ ਸੈਸ਼ਨ ਵਿਚ ਸ਼ੁਰੂਆਤੀ ਘੰਟੇ ਵਿਚ ਹੀ ਕਪਤਾਨ ਮਯੰਕ ਅਗਰਵਾਲ (70), ਨਿਕਿਨ ਜੋਸ (00) ਤੇ ਮਨੀਸ ਪਾਂਡੇ (01) ਦੀ ਵਿਕਟ ਗੁਆ ਦਿੱਤੀ।
ਇਨ੍ਹਾਂ ਸਾਰਿਆਂ ਨੂੰ ਸਰਵਟੇ (78 ਦੌੜਾਂ ’ਤੇ 4 ਵਿਕਟਾਂ) ਨੇ ਪੈਵੇਲੀਅਨ ਦਾ ਰਸਤਾ ਦਿਖਾਇਆ। ਅਨੀਸ਼ ਕੇਵੀ ਦੂਜੇ ਪਾਸੇ ’ਤੇ ਟਿਕ ਕੇ ਖੇਡ ਰਿਹਾ ਸੀ ਪਰ 40 ਦੌੜਾਂ ਬਣਾਉਣ ਤੋਂ ਬਾਅਦ ਰਨ ਆਊਟ ਹੋ ਗਿਆ, ਜਿਸ ਨਾਲ ਕਰਨਾਟਕ ਦੀ ਜਿੱਤ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ। ਹਾਰਦਿਕ ਰਾਜ (13) ਦੇ ਨਾਲ 6ਵੀਂ ਵਿਕਟ ਲਈ 40 ਦੌੜਾਂ ਜੋੜ ਕੇ ਅਨੀਸ਼ ਪਾਰੀ ਨੂੰ ਸੰਵਾਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਦੂਬੇ (65 ਦੌੜਾਂ ’ਤੇ 4 ਵਿਕਟਾਂ) ਨੇ ਕਰਨਾਟਕ ਦੇ ਹੇਠਲੇ ਕ੍ਰਮ ਨੂੰ ਸਮੇਟਿਆ। ਉਸ ਨੇ ਹਾਰਦਿਕ ਨੂੰ ਆਊਟ ਕਰਨ ਤੋਂ ਬਾਅਦ ਵਿਕਟਕੀਪਰ ਬੱਲੇਬਾਜ਼ ਐੱਸ. ਸਮਰਥ (06) ਦੀ ਪਾਰੀ ਦਾ ਵੀ ਅੰਤ ਕੀਤਾ। ਵਿਜੇ ਕੁਮਾਰ ਵਿਸ਼ਾਖ (34) ਤੇ ਵਿਦਰਥ ਕਾਵੇਰੱਪਾ (25) ਨੇ 33 ਦੌੜਾਂ ਦੀ ਸਾਂਝੇਦਾਰੀ ਕਰਕੇ ਹਾਰ ਨੂੰ ਕੁਝ ਦੇਰ ਲਈ ਟਾਲਿਆ ਪਰ ਦੂਬੇ ਨੇ 2 ਹੋਰ ਵਿਕਟਾਂ ਲੈ ਕੇ ਵਿਦਰਭ ਦੀ ਜਿੱਤ ਤੈਅ ਕਰ ਦਿੱਤੀ। ਕਰਨਾਟਕ ਦੀ ਟੀਮ 371 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਅੰਤ 243 ਦੌੜਾਂ ’ਤੇ ਸਿਮਟ ਗਈ।