ਵਿਦਰਭ ਇਰਾਨੀ ਕੱਪ ਜਿੱਤਣ ਤੋਂ 4 ਵਿਕਟਾਂ ਦੂਰ
Saturday, Mar 17, 2018 - 11:31 PM (IST)
ਨਾਗਪੁਰ— ਰਣਜੀ ਚੈਂਪੀਅਨ ਵਿਦਰਭ ਇਰਾਨੀ ਕੱਪ ਜਿੱਤਣ ਤੋਂ ਸਿਰਫ 4 ਵਿਕਟਾਂ ਦੂਰ ਰਹਿ ਗਿਆ ਹੈ। ਵਿਦਰਭ ਨੇ ਰੈਸਟ ਭਾਰਤ ਖਿਲਾਫ ਇਰਾਨੀ ਕੱਪ ਮੁਕਾਬਲੇ ਵਿਚ ਸ਼ਨੀਵਾਰ ਚੌਥੇ ਦਿਨ ਆਪਣੀ ਪਹਿਲੀ ਪਾਰੀ 7 ਵਿਕਟਾਂ 'ਤੇ 800 ਦੌੜਾਂ 'ਤੇ ਐਲਾਨ ਕਰਨ ਤੋਂ ਬਾਅਦ ਰੈਸਟ ਭਾਰਤ ਦੀਆਂ 6 ਵਿਕਟਾਂ 236 ਦੌੜਾਂ 'ਤੇ ਸੁੱਟ ਦਿੱਤੀਆਂ। ਵਿਦਰਭ ਨੇ 5 ਵਿਕਟਾਂ 'ਤੇ 702 ਦੌੜਾਂ ਤੋਂ ਅੱਗੇ ਖੇਡਦੇ ਹੋਏ 7 ਵਿਕਟਾਂ 'ਤੇ 800 ਦੌੜਾਂ 'ਤੇ ਆਪਣੀ ਪਾਰੀ ਐਲਾਨ ਦਿੱਤੀ। ਰੈਸਟ ਭਾਰਤ ਅਜੇ ਵਿਦਰਭ ਦੇ ਸਕੋਰ ਤੋਂ 564 ਦੌੜਾਂ ਪਿੱਛੇ ਹੈ, ਜਦਕਿ ਉਸ ਦੀਆਂ 4 ਵਿਕਟਾਂ ਬਾਕੀ ਹਨ। ਰਣਜੀ ਖਿਤਾਬ ਜਿੱਤ ਚੁੱਕੇ ਵਿਦਰਭ ਦਾ ਹੁਣ ਇਰਾਨੀ ਕੱਪ 'ਤੇ ਕਬਜ਼ਾ ਪੱਕਾ ਹੋ ਗਿਆ ਹੈ। ਰੈਸਟ ਭਾਰਤ ਵੱਲੋਂ ਨੌਜਵਾਨ ਓਪਨਰ ਪ੍ਰਿਥਵੀ ਸ਼ਾਹ ਨੇ 64 ਗੇਂਦਾਂ 'ਤੇ 7 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 51 ਦੌੜਾਂ ਬਣਾਈਆਂ। ਕਪਤਾਨ ਕਰੁਣ ਨਾਇਰ ਸਿਰਫ 21 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਓਪਨਰ ਰਵੀ ਕੁਮਾਰ ਸਮਰੱਥ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ। ਮਯੰਕ ਅਗਰਵਾਲ ਨੇ 11 ਦੌੜਾਂ ਬਣਾਈਆਂ, ਜਦਕਿ ਕੇ. ਐੱਸ. ਭਰਨ ਜ਼ੀਰੋ 'ਤੇ ਪੈਵੇਲੀਅਨ ਪਰਤਿਆ। ਰਵੀਚੰਦਰਨ ਅਸ਼ਵਿਨ 8 ਦੌੜਾਂ ਹੀ ਬਣਾ ਸਕਿਆ।
ਰੈਸਟ ਭਾਰਤ ਨੇ ਆਪਣੀਆਂ 6 ਵਿਕਟਾਂ 28ਵੇਂ ਓਵਰ ਤਕ ਸਿਰਫ 98 ਦੌੜਾਂ 'ਤੇ ਹੀ ਗੁਆ ਦਿੱਤੀਆਂ ਸਨ ਪਰ ਹਨੂਮਾ ਵਿਹਾਰੀ ਅਤੇ ਜਯੰਤ ਯਾਦਵ ਨੇ 7ਵੀਂ ਵਿਕਟ ਦੀ ਅਜੇਤੂ ਸਾਂਝੇਦਾਰੀ ਵਿਚ 138 ਦੌੜਾਂ ਜੋੜ ਕੇ ਟੀਮ ਨੂੰ ਬੇਇੱਜ਼ਤੀ ਤੋਂ ਬਚਾ ਲਿਆ। ਹਨੂਮਾ 171 ਗੇਂਦਾਂ 'ਤੇ ਅਜੇਤੂ 81 ਦੌੜਾਂ ਵਿਚ ਹੁਣ ਤਕ 10 ਚੌਕੇ ਲਾ ਚੁੱਕਾ ਹੈ, ਜਦਕਿ ਜਯੰਤ ਨੇ 147 ਗੇਂਦਾਂ 'ਤੇ ਅਜੇਤੂ 62 ਦੌੜਾਂ ਵਿਚ 9 ਚੌਕੇ ਲਾਏ ਹਨ। ਵਿਦਰਭ ਨੂੰ ਰਣਜੀ ਚੈਂਪੀਅਨ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਤੇਜ਼ ਗੇਂਦਬਾਜ਼ ਰਜਨੀਸ਼ ਗੁਰਬਾਨੀ ਨੇ 13 ਓਵਰਾਂ ਵਿਚ ਸਿਰਫ 46 ਦੌੜਾਂ ਦੇ ਕੇ 4 ਵਿਕਟਾਂ ਲਈਆਂ।
