14 ਸਾਲਾ ਸੂਰਯਾਵੰਸ਼ੀ ਨੇ ਇੰਗਲੈਂਡ ਦੇ ਗੇਂਦਬਾਜ਼ਾਂ ਦਾ ਚਾੜ੍ਹਿਆ ਕੁਟਾਪਾ ! ਬਣਾ''ਤਾ ਵੱਡਾ ਰਿਕਾਰਡ
Friday, Jul 04, 2025 - 12:26 PM (IST)

ਸਪੋਰਟਸ ਡੈਸਕ- ਆਈ.ਪੀ.ਐੱਲ. ਸਟਾਰ ਵੈਭਵ ਸੂਰਯਾਵੰਸ਼ੀ ਨੇ ਆਪਣੀ ਸ਼ਾਨਦਾਰ ਫਾਰਮ ਬਰਕਰਾਰ ਰੱਖਦੇ ਹੋਏ ਇੰਗਲੈਂਡ ਖ਼ਿਲਾਫ਼ ਤੀਜੇ ਅੰਡਰ-19 ਵਨਡੇ ਮੈਚ 'ਚ ਰਿਕਾਰਡ 9 ਛੱਕੇ ਲਾਏ ਤੇ ਉਸ ਦੀ ਇਸ ਧਮਾਕੇਦਾਰ ਪਾਰੀ ਦੀ ਬਦੌਲਤ ਭਾਰਤ ਨੇ ਮੀਂਹ ਨਾਲ ਪ੍ਰਭਾਵਿਤ ਮੁਕਾਬਲੇ 'ਚ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਲੜੀ ’ਚ 2-1 ਦੀ ਬੜ੍ਹਤ ਬਣਾ ਲਈ ਹੈ।
14 ਸਾਲ ਸੂਰਯਾਵੰਸ਼ੀ ਨੇ 31 ਗੇਂਦਾਂ ’ਚ 86 ਦੌੜਾਂ ਬਣਾਈਆਂ, ਜਿਸ 'ਚ 6 ਚੌਕੇ ਤੇ 9 ਛੱਕੇ ਸ਼ਾਮਲ ਸਨ। ਇੰਗਲੈਂਡ ਦੀਆਂ 6 ਵਿਕਟਾਂ ’ਤੇ 268 ਦੌੜਾਂ ਦੇ ਜਵਾਬ ’ਚ ਭਾਰਤ ਨੇ ਸਿਰਫ਼ 34.3 ਓਵਰਾਂ ’ਚ ਹੀ ਟੀਚਾ ਹਾਸਲ ਕਰ ਲਿਆ। ਅੰਡਰ-19 ਵਨਡੇ ਕ੍ਰਿਕਟ ਦੀ ਇਕ ਪਾਰੀ ’ਚ ਕਿਸੇ ਭਾਰਤੀ ਬੱਲੇਬਾਜ਼ ਦਾ ਇਹ ਸਭ ਤੋਂ ਵੱਧ ਛੱਕਿਆਂ ਦਾ ਰਿਕਾਰਡ ਹੈ।
ਇਸ ਤੋਂ ਪਹਿਲਾਂ ਮਨਦੀਪ ਸਿੰਘ ਨੇ ਇਕ ਪਾਰੀ 'ਚ 8 ਛੱਕੇ ਲਾਏ ਸਨ। ਭਾਰਤ ਦਾ ਸਕੋਰ 24ਵੇਂ ਓਵਰ ’ਚ 6 ਵਿਕਟਾਂ ’ਤੇ 199 ਦੌੜਾਂ ਸੀ ਪਰ ਹਰਫਨਮੌਲਾ ਖਿਡਾਰੀ ਕਨਿਸ਼ਕ ਚੌਹਾਨ ਨੇ 42 ਗੇਂਦਾਂ ’ਚ ਅਜੇਤੂ 43 ਦੌੜਾਂ ਬਣਾਈਆਂ ਅਤੇ ਆਰ.ਐੱਸ. ਅੰਬਰੀਸ਼ (ਅਜੇਤੂ 31) ਨਾਲ 75 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ।
ਕਨਿਸ਼ਕ ਨੇ ਗੇਂਦਬਾਜ਼ੀ ਦੌਰਾਨ ਵੀ 3 ਵਿਕਟਾਂ ਲਈਆਂ ਸਨ। ਸੂਰਯਾਵੰਸ਼ੀ ਨੇ ਤੀਸਰੇ ਹੀ ਓਵਰ ’ਚ ਸੇਬੇਸਟੀਅਨ ਮੋਰਗਨ ਨੂੰ 2 ਛੱਕੇ ਲਾ ਕੇ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਸਨ। ਅਗਲੇ ਓਵਰ ’ਚ ਉਸ ਨੇ ਮੋਰਗਨ ਨੂੰ 2 ਛੱਕੇ ਅਤੇ 1 ਚੌਕਾ ਲਾਇਆ।
ਇੰਗਲੈਂਡ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਜੇਮਸ ਮਿੰਟੋ ਨੂੰ ਉਸ ਨੇ 6ਵੇਂ ਓਵਰ ’ਚ ਨਸੀਹਤ ਦਿੰਦਿਆਂ 23 ਦੌੜਾਂ ਬਣਾਈਆਂ। ਸੂਰਯਾਵੰਸ਼ੀ ਦੇ ਆਊਟ ਹੋਣ ਦੇ ਸਮੇਂ ਭਾਰਤ ਦਾ ਸਕੋਰ 8ਵੇਂ ਓਵਰ ’ਚ 111 ਦੌੜਾਂ ਸੀ। ਇਸ ਤੋਂ ਪਹਿਲਾਂ ਇੰਗਲੈਂਡ ਲਈ ਕਪਤਾਨ ਥਾਮਸ ਰਿਯੂ ਨੇ 44 ਗੇਂਦਾਂ ’ਚ ਅਜੇਤੂ 76 ਦੌੜਾਂ ਬਣਾਈਆਂ, ਜਦਕਿ ਸਲਾਮੀ ਬੱਲੇਬਾਜ਼ ਬੇਨ ਡਾਕਿੰਸ ਨੇ 62 ਦੌੜਾਂ ਦੀ ਪਾਰੀ ਖੇਡੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e