ਉਰੂਗਵੇ ਨੇ ਪੈਨਲਟੀ ਸ਼ੂਟ ਆਊਟ ''ਚ ਬ੍ਰਾਜ਼ੀਲ ਨੂੰ 4-2 ਨਾਲ ਹਰਾਇਆ, ਕੋਪਾ ਅਮਰੀਕਾ ਦੇ ਸੈਮੀਫਾਈਨਲ ''ਚ ਪਹੁੰਚਿਆ
Sunday, Jul 07, 2024 - 12:34 PM (IST)
ਲਾਸ ਵੇਗਾਸ- ਮੈਨੁਅਲ ਉਗਾਰਤੇ ਨੇ ਪੰਜਵੀਂ ਅਤੇ ਆਖਰੀ ਪੈਨਲਟੀ ਕਿੱਕ 'ਤੇ ਕੀਤੇ ਗੋਲ ਦੀ ਮਦਦ ਨਾਲ ਉਰੂਗਵੇ ਨੇ ਸ਼ਨੀਵਾਰ ਨੂੰ ਬ੍ਰਾਜ਼ੀਲ ਨੂੰ 4-2 ਨਾਲ ਹਰਾ ਕੇ ਕੋਪਾ ਅਮਰੀਕਾ ਦੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰ ਲਈ। ਦੋਵੇਂ ਟੀਮਾਂ ਨਿਰਧਾਰਤ ਸਮੇਂ ਅਤੇ ਫਿਰ ਵਾਧੂ ਸਮੇਂ ਵਿੱਚ ਵੀ ਗੋਲ ਕਰਨ ਵਿੱਚ ਨਾਕਾਮ ਰਹੀਆਂ। ਇਸ ਮੈਚ 'ਚ 41 ਫਾਊਲ ਹੋਏ ਜੋ ਕਿ ਟੂਰਨਾਮੈਂਟ ਦੇ ਕਿਸੇ ਵੀ ਮੈਚ 'ਚ ਸਭ ਤੋਂ ਜ਼ਿਆਦਾ ਹਨ। ਇਸ ਦੌਰਾਨ ਗੋਲ ਵੱਲ ਸਿਰਫ਼ ਚਾਰ ਸ਼ਾਟ ਲੱਗੇ।
ਉਰੂਗਵੇ ਦੇ ਨਾਹਿਟਨ ਨਾਂਦੇਜ਼ ਨੂੰ 74ਵੇਂ ਮਿੰਟ 'ਚ ਰੌਡਰਿਗੋ 'ਤੇ ਖਤਰਨਾਕ ਟੈਕਲ ਕਰਨ 'ਤੇ ਲਾਲ ਕਾਰਡ ਦਿਖਾਇਆ ਗਿਆ ਪਰ ਬ੍ਰਾਜ਼ੀਲ ਦੀ ਟੀਮ 10 ਖਿਡਾਰੀਆਂ ਨਾਲ ਖੇਡਣ ਵਾਲੀ ਵਿਰੋਧੀ ਟੀਮ ਦਾ ਫਾਇਦਾ ਨਹੀਂ ਉਠਾ ਸਕੀ। ਸ਼ੂਟਆਊਟ ਵਿੱਚ ਗੋਲਕੀਪਰ ਸਰਜੀਓ ਰੋਸ਼ੇਟ ਨੇ ਏਡਰ ਮਿਲਿਤਾਓ ਦੇ ਸ਼ਾਟ ਨੂੰ ਰੋਕ ਦਿੱਤਾ ਜਦੋਂ ਕਿ ਡਗਲਸ ਲੁਈ ਦੀ ਪੈਨਲਟੀ ਕਿੱਕ ਗੋਲ ਪੋਸਟ ਵਿੱਚ ਲੱਗੀ, ਜਿਸ ਨਾਲ ਉਰੂਗਵੇ ਨੂੰ 3-1 ਦੀ ਬੜ੍ਹਤ ਮਿਲੀ।
ਗੋਲਕੀਪਰ ਐਲੀਸਨ ਬੇਕਰ ਨੇ ਚੌਥੀ ਕੋਸ਼ਿਸ਼ 'ਤੇ ਉਰੂਗਵੇ ਦੇ ਜੋਸ ਮਾਰੀਆ ਗਿਮੇਨੇਜ਼ ਦੀ ਪੈਨਲਟੀ ਕਿੱਕ ਨੂੰ ਰੋਕ ਕੇ ਬ੍ਰਾਜ਼ੀਲ ਨੂੰ ਮੈਚ 'ਚ ਬਰਕਰਾਰ ਰੱਖਿਆ ਪਰ ਉਗਾਰਤੇ ਨੇ ਅਗਲੀ ਕੋਸ਼ਿਸ਼ 'ਤੇ ਗੋਲ ਕਰਕੇ ਆਪਣੀ ਟੀਮ ਦੀ ਜਿੱਤ ਯਕੀਨੀ ਬਣਾਈ। ਬੁੱਧਵਾਰ ਨੂੰ ਸੈਮੀਫਾਈਨਲ 'ਚ ਉਰੂਗਵੇ ਦਾ ਸਾਹਮਣਾ ਕੋਲੰਬੀਆ ਨਾਲ ਹੋਵੇਗਾ, ਜਿਸ ਨੇ ਪਨਾਮਾ ਨੂੰ 5-0 ਨਾਲ ਹਰਾਇਆ ਸੀ। ਦੂਜਾ ਸੈਮੀਫਾਈਨਲ ਮੰਗਲਵਾਰ ਨੂੰ ਮੌਜੂਦਾ ਚੈਂਪੀਅਨ ਅਰਜਨਟੀਨਾ ਅਤੇ ਕੈਨੇਡਾ ਵਿਚਾਲੇ ਖੇਡਿਆ ਜਾਵੇਗਾ।