ਉੱਤਰ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਦੇ ਨਿਰਦੇਸ਼ਕ SK ਅਗਰਵਾਲ ਦਾ ਦਿਹਾਂਤ
Saturday, Feb 27, 2021 - 05:39 PM (IST)
ਕਾਨਪੁਰ (ਵਾਰਤਾ) : ਉੱਤਰ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (ਯੂ.ਪੀ.ਸੀ.ਏ.) ਦੇ ਨਿਰਦੇਸ਼ਕ ਐਸ. ਕੇ. ਅਗਰਵਾਲ ਦਾ ਸ਼ਨੀਵਾਰ ਨੂੰ ਅਸਥਮਾ ਦੀ ਬੀਮਾਰੀ ਦੇ ਚੱਲਦੇ ਦਿਹਾਂਤ ਹੋ ਗਿਆ। ਉਹ 82 ਸਾਲ ਦੇ ਸਨ। ਅਗਰਵਾਲ 2014 ਤੋਂ ਯੂ.ਪੀ.ਸੀ.ਏ. ਦੇ ਨਿਰਦੇਸ਼ਕ ਸਨ। ਅੱਜ ਸਵੇਰੇ ਕਰੀਬ 4 ਵਜੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਦੁਪਹਿਰ ਵਿਚ ਭੈਰੋਘਾਟ ’ਤੇ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਉਪ-ਪ੍ਰਧਾਨ ਅਤੇ ਯੂ.ਪੀ.ਸੀ.ਏ. ਦੇ ਸਾਬਕਾ ਸਕੱਤਰ ਰਾਜੀਵ ਸ਼ੁਕਲਾ ਨੇ ਉਨ੍ਹਾਂ ਦੇ ਦਿਹਾਂਤ ’ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਵਿਅਕਤੀਗਤ ਤੌਰ ’ਤੇ ਅਤੇ ਯੂ.ਪੀ.ਸੀ.ਏ. ਲਈ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਹ ਇਕ ਬੇਹੱਦ ਸੰਵੇਦਨਸ਼ੀਲ, ਸਮੇਂ ਦੇ ਪਾਬੰਦੀ ਅਤੇ ਕੁਸ਼ਲ ਪ੍ਰਬੰਧਕ ਸਨ।
ਯੂ.ਪੀ.ਸੀ.ਏ. ਦੇ ਪ੍ਰਧਾਨ ਪ੍ਰਦੀਪ ਗੁਪਤਾ ਨੇ ਸੋਗ ਪ੍ਰਗਟ ਕਰਦੇ ਹੋਏ ਮਰਹੂਮ ਆਤਮਾ ਦੀ ਸ਼ਾਂਤੀ ਦੀ ਪ੍ਰਾਰਥਨਾਂ ਕੀਤੀ। ਸਕੱਤਰ ਯੁੱਧਵੀਰ ਸਿੰਘ ਨੇ ਕਿਹਾ ਕਿ ਯੂ.ਪੀ.ਸੀ.ਏ. ਨੇ ਆਪਣੇ ਪਰਿਵਾਰ ਦੇ ਸਰਪ੍ਰਸਤ ਨੂੰ ਗੁਆ ਦਿੱਤਾ ਹੈ। ਅਸੀਂ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਨੂੰ ਯਾਦ ਕਰਦੇ ਹੋਏ ਸੰਘ ਨੂੰ ਅੱਗੇ ਵਧਾਵਾਂਗੇ। ਉਨ੍ਹਾਂ ਦੀ ਕਾਰਜ ਕੁਸ਼ਲਤਾ ਦੇ ਸਾਰੇ ਮੁਰੀਦ ਸਨ। ਯੂ.ਪੀ.ਸੀ.ਏ. ਲਈ 8 ਮਹੀਨੇ ਵਿਚ ਇਹ ਤੀਜਾ ਵੱਡਾ ਝਟਕਾ ਹੈ। ਯੂ.ਪੀ.ਸੀ.ਏ. ਦੇ ਕਮਲਾ ਕਲੱਬ ਦਫ਼ਤਰ ਵਿਚ ਸੋਗ ਸਭਾ ਦਾ ਆਯੋਜਨ ਕੀਤਾ ਗਿਆ ਅਤੇ ਮ੍ਰਿਤਕ ਆਤਮਾ ਦੀ ਸ਼ਾਂਤੀ ਦੀ ਪ੍ਰਾਰਥਨਾ ਕੀਤੀ ਗਈ। ਸੋਗ ਸਭਾ ਦੇ ਬਾਅਦ ਦਫ਼ਤਰ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ।