ਰਾਹੁਲ ਟੀਮ ’ਚ, ਉਮੇਸ਼ ਵੀ ਜੁੜੇਗਾ ਪਰ ਪਾਸ ਕਰਨਾ ਪਵੇਗਾ ਫਿਟਨੈੱਸ ਟੈਸਟ
Thursday, Feb 18, 2021 - 01:31 AM (IST)
ਨਵੀਂ ਦਿੱਲੀ– ਭਾਰਤੀ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਅਹਿਮਦਾਬਾਦ ਵਿਚ ਇੰਗਲੈਂਡ ਵਿਰੁੱਧ ਤੀਜੇ ਟੈਸਟ ਲਈ ਟੀਮ ਵਿਚ ਸ਼ਾਮਲ ਹੋਵੇਗਾ ਪਰ ਇਸ ਤੋਂ ਪਹਿਲਾਂ ਉਸ ਨੂੰ ਫਿਟਨੈੱਸ ਟੈਸਟ ਪਾਸ ਕਰਨਾ ਪਵੇਗਾ ਜਦਕਿ ਆਸਟਰੇਲੀਆ ਦੌਰੇ ਦੌਰਾਨ ਜ਼ਖ਼ਮੀ ਹੋ ਕੇ ਬਾਹਰ ਹੋਣ ਵਾਲੇ ਲੋਕੇਸ਼ ਰਾਹੁਲ ਨੂੰ ਟੀਮ ਵਿਚ ਜਗ੍ਹਾ ਦਿੱਤੀ ਗਈ ਹੈ। ਰਾਸ਼ਟਰੀ ਚੋਣਕਾਰਾਂ ਨੇ ਅਹਿਮਦਾਬਾਦ ਵਿਚ ਹੋਣ ਵਾਲੇ ਲੜੀ ਦੇ ਆਖਰੀ ਦੋ ਟੈਸਟਾਂ ਲਈ ਬੁੱਧਵਾਰ ਨੂੰ ਟੀਮ ਦਾ ਐਲਾਨ ਕੀਤਾ। ਤੀਜਾ ਤੇ ਚੌਥਾ ਟੈਸਟ ਅਹਿਮਦਾਬਾਦ ਵਿਚ ਦੁਨੀਆ ਦੇ ਸਭ ਤੋਂ ਵੱਧ ਸਮਰਥਾ ਵਾਲੇ ਸਰਦਾਰ ਪਟੇਲ ਸਟੇਡੀਅਮ ਵਿਚ ਖੇਡਿਆ ਜਾਵੇਗਾ। ਤੀਜਾ ਟੈਸਟ ਡੇ-ਨਾਈਟ ਮੈਚ ਹੋਵੇਗਾ ਤੇ ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ।
ਉਮੇਸ਼ ਟੀਮ ਵਿਚ ਸ਼ਾਰੁਦਲ ਦੀ ਜਗ੍ਹਾ ਲਵੇਗਾ। ਦਰਅਸਲ ਭਾਰਤੀ ਚੋਣ ਕਮੇਟੀ ਨੇ ਸ਼ਾਰਦੁਲ, ਅਭਿਮਨਯੂ ਇਸ਼ਵਰਨ, ਸ਼ਾਹਬਾਜ਼ ਨਦੀਮ ਤੇ ਪ੍ਰਿਯਾਂਕ ਪਾਂਚਾਲ ਨੂੰ ਵਿਜੇ ਹਜ਼ਾਰੇ ਟਰਾਫੀ ਲਈ ਟੀਮ ਤੋਂ ਰਿਲੀਜ਼ ਕਰ ਦਿੱਤਾ ਹੈ। ਨਦੀਮ ਚੇਨਈ ਵਿਚ ਪਹੇਲ ਟੈਸਟ ਵਿਚ ਖੇਡਿਆ ਸੀ ਪਰ ਇਸ ਮੈਚ ਵਿਚ ਭਾਰਤ ਦੀ ਹਾਰ ਤੋਂ ਬਾਅਦ ਉਸ ਨੂੰ ਦੂਜੇ ਟੈਸਟ ਲਈ ਟੀਮ ਵਿਚੋਂ ਬਾਹਰ ਰੱਖਿਆ ਗਿਆ ਸੀ। ਰਾਹੁਲ ਆਸਟਰੇਲੀਆ ਦੌਰੇ ਵਿਚ ਸੀਮਤ ਓਵਰਾਂ ਦੀ ਲੜੀ ਵਿਚ ਖੇਡਿਆ ਸੀ ਪਰ ਉਸ ਨੂੰ ਟੈਸਟ ਲੜੀ ਵਿਚ ਖੇਡਣ ਦਾ ਮੌਕਾ ਨਹੀਂ ਮਿਲ ਸਕਿਆ ਸੀ। ਟੈਸਟ ਲੜੀ ਦੌਰਾਨ ਅਭਿਆਸ ਦੌਰਾਨ ਬਾਂਹ ਵਿਚ ਸੱਟ ਲੱਗਣ ਤੋਂ ਬਾਅਦ ਰਾਹੁਲ ਦੌਰੇ ਵਿਚੋਂ ਬਾਹਰ ਹੋ ਗਿਆ ਸੀ ਤੇ ਉਸ ਨੂੰ ਵਤਨ ਪਰਤਣਾ ਪਿਆ ਸੀ।
ਅਹਿਦਾਬਾਦ ਵਿਚ ਖੇਡੇ ਜਾਣ ਵਾਲੇ ਤੀਜੇ ਟੈਸਟ ਲਈ ਭਾਰਤੀ ਟੀਮ :-
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਮਯੰਕ ਅਗਰਵਾਲ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ (ਉਪ ਕਪਤਾਨ), ਲੋਕੇਸ਼ ਰਾਹੁਲ, ਹਾਰਦਿਕ ਪੰਡਯਾ, ਰਿਸ਼ਭ ਪੰਤ (ਵਿਕਟਕੀਪਰ), ਰਿਧੀਮਾਨ ਸਾਹਾ (ਵਿਕਟਕੀਪਰ), ਆਰ.ਅਸ਼ਵਿਨ, ਕੁਲਦੀਪ ਯਾਦਵ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ।
ਪੰਜ ਨੈੱਟ ਗੇਂਦਬਾਜ਼ : ਅੰਕਿਤ ਰਾਜਪੂਤ, ਅਵੇਸ਼ ਖਾਨ, ਸੰਦੀਪ ਵਾਰੀਅਰ, ਕ੍ਰਿਸ਼ਣੱਪਾ ਗੌਤਮ ਤੇ ਸੌਰਭ ਕੁਮਾਰ।
ਸਟੈਂਡਬਾਏ : ਕੇ. ਐੱਸ. ਭਗਤ ਤੇ ਰਾਹੁਲ ਚਾਹਰ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।