ਅਫ਼ਗਾਨਿਸਤਾਨ ਦੇ ਦੇਰੀ ਨਾਲ ਪਹੁੰਚਣ ਕਾਰਨ ਅੰਡਰ 19 ਵਿਸ਼ਵ ਕੱਪ ਗਰੁੱਪ ਸੀ ਦੇ ਪ੍ਰੋਗਰਾਮ ’ਚ ਬਦਲਾਅ
Thursday, Jan 13, 2022 - 12:31 PM (IST)
ਦੁਬਈ (ਭਾਸ਼ਾ)- ਅਫ਼ਗਾਨਿਸਤਾਨ ਦੇ ਵੈਸਟਇੰਡੀਜ਼ ਵਿਚ ਦੇਰੀ ਨਾਲ ਪਹੁੰਚਣ ਕਾਰਨ ਆਈ.ਸੀ.ਸੀ. ਨੂੰ ਅੰਡਰ-19 ਵਿਸ਼ਵ ਕੱਪ 2022 ਦੇ ਗਰੁੱਪ ਸੀ ਦੇ ਪ੍ਰੋਗਰਾਮ ਵਿਚ ਬਦਲਾਅ ਕਰਨਾ ਪਿਆ ਹੈ। ਆਈ.ਸੀ.ਸੀ. ਨੇ ਇਕ ਬਿਆਨ ਵਿਚ ਕਿਹਾ, ‘ਯਾਤਰਾ ਲਈ ਜ਼ਰੂਰੀ ਵੀਜ਼ਾ ਪ੍ਰਾਪਤ ਕਰਨ ਤੋਂ ਬਾਅਦ ਅਫ਼ਗਾਨਿਸਤਾਨ ਦੀ ਟੀਮ ਵੈਸਟਇੰਡੀਜ਼ ਪਹੁੰਚੇਗੀ ਅਤੇ ਆਈਸੋਲੇਸ਼ਨ ਦੀ ਮਿਆਦ ਪੂਰੀ ਕਰੇਗੀ।’ ਆਈ.ਸੀ.ਸੀ. ਟੂਰਨਾਮੈਂਟ ਤਕਨੀਕੀ ਕਮੇਟੀ ਨੇ ਪ੍ਰੋਗਰਾਮ ਵਿਚ ਬਦਲਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਮੇਟੀ ਵਿਚ ਆਈ.ਸੀ.ਸੀ. ਟੂਰਨਾਮੈਂਟ ਦੇ ਮੁਖੀ ਕ੍ਰਿਸ ਟੈਟਲੀ, ਆਈ.ਸੀ.ਸੀ. ਸੀਨੀਅਰ ਇਵੈਂਟ ਮੈਨੇਜਰ ਫਵਾਜ਼ ਬਖਸ਼, ਟੂਰਨਾਮੈਂਟ ਡਾਇਰੈਕਟਰ ਰੋਲੈਂਡ ਹੋਲਡਰ ਅਤੇ ਵੈਸਟਇੰਡੀਜ਼ ਕ੍ਰਿਕਟ ਬੋਰਡ ਦੇ ਪ੍ਰਤੀਨਿਧੀ ਐਲੇਨ ਵਿਲਕਿੰਸ ਅਤੇ ਰਸੇਲ ਅਰਨੋਲਡ ਸ਼ਾਮਲ ਹਨ।
ਟੈਟਲੀ ਨੇ ਕਿਹਾ, ‘ਸਾਨੂੰ ਖੁਸ਼ੀ ਹੈ ਕਿ ਅਫ਼ਗਾਨਿਸਤਾਨ ਟੀਮ ਨੇ ਜ਼ਰੂਰੀ ਵੀਜ਼ਾ ਹਾਸਲ ਕਰ ਲਿਆ ਹੈ ਅਤੇ ਉਹ ਟੂਰਨਾਮੈਂਟ ਵਿਚ ਹਿੱਸਾ ਲਵੇਗੀ।’ ਉਨ੍ਹਾਂ ਕਿਹਾ, ‘ਅਸੀਂ ਗਰੁੱਪ ਸੀ ਦੇ ਪ੍ਰੋਗਰਾਮ ਵਿਚ ਬਦਲਾਅ ਕੀਤਾ ਹੈ ਤਾਂ ਜੋ ਸਾਰੇ ਮੈਚ ਨਿਰਧਾਰਤ ਸਮੇਂ ’ਤੇ ਕਰਵਾਏ ਜਾ ਸਕਣ। ਅਸੀਂ ਸਾਰੇ ਪ੍ਰਤੀਯੋਗੀ ਮੈਂਬਰਾਂ ਦਾ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕਰਨਾ ਚਾਹੁੰਦੇ ਹਾਂ।’ ਗਰੁੱਪ ਸੀ ਦੇ 6 ਮੈਚਾਂ ਦਾ ਸੋਧਿਆ ਸਮਾਂ ਇਸ ਤਰ੍ਹਾਂ ਹੈ।
- 15 ਜਨਵਰੀ: ਜ਼ਿੰਬਾਬਵੇ ਬਨਾਮ ਪਾਪੂਆ ਨਿਊ ਗਿਨੀ (ਪਹਿਲਾਂ 20 ਜਨਵਰੀ ਨੂੰ ਹੋਣਾ ਸੀ)।
- 17 ਜਨਵਰੀ: ਪਾਕਿਸਤਾਨ ਬਨਾਮ ਜ਼ਿੰਬਾਬਵੇ (ਪਹਿਲਾਂ 22 ਜਨਵਰੀ ਨੂੰ ਹੋਣਾ ਸੀ)।
- 18 ਜਨਵਰੀ: ਅਫ਼ਗਾਨਿਸਤਾਨ ਬਨਾਮ ਪਾਪੂਆ ਨਿਊ ਗਿਨੀ (ਕੋਈ ਬਦਲਾਅ ਨਹੀਂ)।
- 20 ਜਨਵਰੀ: ਪਾਕਿਸਤਾਨ ਬਨਾਮ ਅਫ਼ਗਾਨਿਸਤਾਨ (ਕੋਈ ਬਦਲਾਅ ਨਹੀਂ)।
- 22 ਜਨਵਰੀ : ਪਾਕਿਸਤਾਨ ਬਨਾਮ ਪਾਪੂਆ ਨਿਊ ਗਿਨੀ (ਪਹਿਲਾਂ 15 ਜਨਵਰੀ ਨੂੰ ਹੋਣਾ ਸੀ)।
- 22 ਜਨਵਰੀ: ਅਫ਼ਗਾਨਿਸਤਾਨ ਬਨਾਮ ਜ਼ਿੰਬਾਬਵੇ (ਪਹਿਲਾਂ 16 ਜਨਵਰੀ ਨੂੰ ਹੋਣ ਸੀ)।