ਕਬਾਇਲੀ ਲੜਕੇ ਗੋਰਾ ਹੋ ਨੇ ਭਾਰਤ ਨੂੰ ਦਿਵਾਇਆ ਸੋਨ ਤਗਮਾ

03/10/2018 1:52:22 PM

ਨਵੀਂ ਦਿੱਲੀ, (ਬਿਊਰੋ)— ਭਾਰਤ ਦੇ ਇਕ ਕਬਾਇਲੀ ਲੜਕੇ ਨੇ ਕਮਾਲ ਕਰ ਦਿੱਤਾ ਹੈ। ਝਾਰਖੰਡ ਦੇ 17 ਸਾਲ ਦੇ ਕਬਾਇਲੀ ਤੀਰਅੰਦਾਜ਼ ਖਿਡਾਰੀ ਗੋਰਾ ਹੋ ਨੇ ਆਪਣੀ ਟੀਮ ਦੇ ਨਾਲ ਮਿਲਕੇ ਏਸ਼ੀਅਨ ਚੈਂਪੀਅਨਸ਼ਿਪ 'ਚ ਭਾਰਤ ਨੂੰ ਸੋਨ ਤਗਮਾ ਦਿਵਾਇਆ ਹੈ। ਬੈਂਕਾਕ 'ਚ ਆਯੋਜਿਤ ਏਸ਼ੀਅਨ ਤੀਰਅੰਦਾਜ਼ੀ ਚੈਂਪੀਅਨਸ਼ਿਪ 'ਚ ਭਾਰਤੀ ਪੁਰਸ਼ ਟੀਮ ਨੇ ਮੰਗੋਲੀਆ ਨੂੰ ਹਰਾ ਕੇ ਸੋਨ ਤਗਮਾ ਆਪਣੇ ਨਾਂ ਕੀਤਾ।

ਹਾਲਾਂਕਿ ਭਾਰਤ ਲਈ ਇਹ ਮੁਕਾਬਲਾ ਬਿਲੁਕਲ ਆਸਾਨ ਨਹੀਂ ਰਿਹਾ। ਉਸ ਨੂੰ ਤਜਰਬੇਕਾਰ ਮੰਗੋਲੀਆਈ ਟੀਮ ਤੋਂ ਸਖਤ ਟੱਕਰ ਮਿਲੀ। ਪਰ ਆਕਾਸ਼, ਗੋਰਾ ਹੋ ਅਤੇ ਗੌਰਵ ਲਾਂਬਾ ਦੀ ਭਾਰਤੀ ਤਿਕੜੀ ਨੇ ਮੰਗੋਲੀਆਈ ਟੀਮ ਤੋਂ ਪਾਰ ਪਾਉਂਦੇ ਹੋਏ ਟਾਈ ਬ੍ਰੇਕਰ 'ਚ 27-26 ਨਾਲ ਇਹ ਮੁਕਾਬਲਾ ਜਿੱਤ ਲਿਆ ਅਤੇ ਭਾਰਤ ਨੂੰ ਸੋਨ ਤਗਮਾ ਦਿਵਾਇਆ। ਇਹ ਭਾਰਤ ਦਾ ਪ੍ਰਤੀਯੋਗਿਤਾ 'ਚ ਤੀਜਾ ਸੋਨ ਤਗਮਾ ਹੈ।

ਜ਼ਿਕਰਯੋਗ ਹੈ ਕਿ 17 ਸਾਲਾ ਗੋਰਾ ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਸਰਾਏਕੇਲਾ ਦੇ ਦੁਗਣੀ ਸਥਿਤ ਅਕੈਡਮੀ ਤੋਂ ਤੀਰਅੰਦਾਜ਼ੀ ਸਿਖੀ। ਗੋਰਾ ਇਸ ਤੋਂ ਪਹਿਲਾਂ ਰਾਸ਼ਟਰੀ ਪੱਧਰ 'ਤੇ ਜੂਨੀਅਰ ਅਤੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ 'ਚ ਕਈ ਤਗਮੇ ਜਿੱਤ ਚੁੱਕੇ ਹਨ। ਗੋਰਾ ਨੂੰ ਸਾਲ 2014 'ਚ ਬਾਲ ਦਿਵਸ 'ਤੇ ਆਯੋਜਿਤ ਸਨਮਾਨ ਸਮਾਰੋਹ 'ਚ ਉਸ ਸਮੇਂ ਦੇ ਰਾਸ਼ਟਰਪਤੀ ਡਾ. ਪ੍ਰਣਵ ਮੁਖਰਜੀ ਨੇ ਸਨਮਾਨਤ ਕੀਤਾ ਸੀ। ਉਸ ਸਮੇਂ ਗੋਰਾ ਸਿਰਫ 14 ਸਾਲਾਂ ਦੇ ਸਨ।


Related News