T20 ਵਿਸ਼ਵ ਕੱਪ 2026 ਤੋਂ ਬਾਹਰ ਹੁੰਦਿਆਂ ਹੀ ਬੰਗਲਾਦੇਸ਼ ਕ੍ਰਿਕਟ ''ਚ ਭੂਚਾਲ, ਬੋਰਡ ਦੇ ਉੱਚ ਅਧਿਕਾਰੀ ਨੇ ਦਿੱਤਾ ਅਸਤੀਫ਼ਾ

Sunday, Jan 25, 2026 - 04:33 AM (IST)

T20 ਵਿਸ਼ਵ ਕੱਪ 2026 ਤੋਂ ਬਾਹਰ ਹੁੰਦਿਆਂ ਹੀ ਬੰਗਲਾਦੇਸ਼ ਕ੍ਰਿਕਟ ''ਚ ਭੂਚਾਲ, ਬੋਰਡ ਦੇ ਉੱਚ ਅਧਿਕਾਰੀ ਨੇ ਦਿੱਤਾ ਅਸਤੀਫ਼ਾ

ਢਾਕਾ : ਟੀ-20 ਵਿਸ਼ਵ ਕੱਪ 2026 ਤੋਂ ਬਾਹਰ ਹੋਣ ਤੋਂ ਬਾਅਦ ਬੰਗਲਾਦੇਸ਼ ਕ੍ਰਿਕਟ ਬੋਰਡ (BCB) ਵਿੱਚ ਵੱਡਾ ਉਥਲ-ਪੁਥਲ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਇੱਕ ਪਾਸੇ ਆਈਸੀਸੀ (ICC) ਨੇ ਬੰਗਲਾਦੇਸ਼ ਦੀ ਛੁੱਟੀ ਕਰਕੇ ਸਕਾਟਲੈਂਡ ਦੀ ਐਂਟਰੀ ਕਰ ਦਿੱਤੀ ਹੈ, ਉੱਥੇ ਹੀ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਇੱਕ ਪ੍ਰਮੁੱਖ ਅਧਿਕਾਰੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਡਾਇਰੈਕਟਰ ਇਸ਼ਤਿਆਕ ਸਾਦੇਕ ਨੇ ਛੱਡਿਆ ਅਹੁਦਾ
ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਡਾਇਰੈਕਟਰ ਅਤੇ ਗੇਮ ਡਿਵੈਲਪਮੈਂਟ ਕਮੇਟੀ ਦੇ ਚੇਅਰਮੈਨ ਇਸ਼ਤਿਆਕ ਸਾਦੇਕ ਨੇ ਸ਼ਨੀਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ,। ਦਿਲਚਸਪ ਗੱਲ ਇਹ ਹੈ ਕਿ ਇਹ ਅਸਤੀਫ਼ਾ ਉਸੇ ਦਿਨ ਸਾਹਮਣੇ ਆਇਆ ਜਦੋਂ ਆਈਸੀਸੀ ਨੇ ਅਧਿਕਾਰਤ ਤੌਰ 'ਤੇ ਪੁਸ਼ਟੀ ਕੀਤੀ ਕਿ ਟੀ-20 ਵਿਸ਼ਵ ਕੱਪ 2026 ਵਿੱਚ ਬੰਗਲਾਦੇਸ਼ ਦੀ ਜਗ੍ਹਾ ਹੁਣ ਸਕਾਟਲੈਂਡ ਦੀ ਟੀਮ ਲਵੇਗੀ।

ਅਸਤੀਫ਼ੇ ਦਾ ਕਾਰਨ 
ਸਾਦੇਕ ਨੇ ਆਪਣੇ ਅਸਤੀਫ਼ੇ ਲਈ 'ਨਿੱਜੀ ਅਤੇ ਪਰਿਵਾਰਕ ਜ਼ਿੰਮੇਵਾਰੀਆਂ' ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਇਸ ਅਹਿਮ ਵਿਭਾਗ ਨੂੰ ਉਨਾ ਸਮਾਂ ਨਹੀਂ ਦੇ ਪਾ ਰਹੇ ਸਨ ਜਿੰਨਾ ਜ਼ਰੂਰੀ ਸੀ। ਉਨ੍ਹਾਂ ਨੇ ਇਨ੍ਹਾਂ ਅਫਵਾਹਾਂ ਨੂੰ ਵੀ ਖਾਰਜ ਕੀਤਾ ਕਿ ਉਨ੍ਹਾਂ ਦਾ ਫੈਸਲਾ ਬੋਰਡ ਦੇ ਕਿਸੇ ਮੈਂਬਰ ਨਾਲ ਮਤਭੇਦ ਜਾਂ ਕਿਸੇ ਵਿਵਾਦ ਕਾਰਨ ਹੈ। ਜ਼ਿਕਰਯੋਗ ਹੈ ਕਿ ਸਾਦੇਕ ਪਿਛਲੇ ਸਾਲ ਅਕਤੂਬਰ ਵਿੱਚ ਹੋਈਆਂ ਬੀਸੀਬੀ ਚੋਣਾਂ ਵਿੱਚ ਸਭ ਤੋਂ ਵੱਧ 42 ਵੋਟਾਂ ਲੈ ਕੇ ਡਾਇਰੈਕਟਰ ਚੁਣੇ ਗਏ ਸਨ।

ਆਈਸੀਸੀ ਨੇ ਕਿਉਂ ਲਿਆ ਸਖ਼ਤ ਫੈਸਲਾ?
ਬੰਗਲਾਦੇਸ਼ ਨੇ ਭਾਰਤ ਵਿੱਚ ਖੇਡਣ ਨੂੰ ਲੈ ਕੇ ਸੁਰੱਖਿਆ ਚਿੰਤਾਵਾਂ ਜਤਾਈਆਂ ਸਨ ਅਤੇ ਆਪਣੇ ਮੈਚ ਸ਼੍ਰੀਲੰਕਾ ਵਿੱਚ ਕਰਵਾਉਣ ਦੀ ਮੰਗ ਕੀਤੀ ਸੀ। ਹਾਲਾਂਕਿ, ਆਈਸੀਸੀ ਦੀ ਸੁਰੱਖਿਆ ਜਾਂਚ ਵਿੱਚ ਅਜਿਹਾ ਕੋਈ ਠੋਸ ਖ਼ਤਰਾ ਨਹੀਂ ਪਾਇਆ ਗਿਆ। ਲੰਬੀ ਗੱਲਬਾਤ ਅਤੇ ਵਿਵਾਦ ਤੋਂ ਬਾਅਦ, ਆਈਸੀਸੀ ਨੇ ਆਪਣੇ ਤੈਅ ਸ਼ਡਿਊਲ 'ਤੇ ਕਾਇਮ ਰਹਿੰਦਿਆਂ ਬੰਗਲਾਦੇਸ਼ ਨੂੰ ਟੂਰਨਾਮੈਂਟ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ।

ਸਕਾਟਲੈਂਡ ਦੀ ਹੋਈ ਐਂਟਰੀ 
ਆਈਸੀਸੀ ਨੇ ਰੈਂਕਿੰਗ ਦੇ ਆਧਾਰ 'ਤੇ ਸਕਾਟਲੈਂਡ ਨੂੰ ਵਿਸ਼ਵ ਕੱਪ ਲਈ ਚੁਣਿਆ ਹੈ। ਹੁਣ ਸਕਾਟਲੈਂਡ ਦੀ ਟੀਮ ਗਰੁੱਪ 'ਸੀ' ਵਿੱਚ ਇੰਗਲੈਂਡ, ਵੈਸਟਇੰਡੀਜ਼, ਇਟਲੀ ਅਤੇ ਨੇਪਾਲ ਦੇ ਨਾਲ ਮੁਕਾਬਲਾ ਕਰੇਗੀ। ਸਕਾਟਲੈਂਡ ਆਪਣਾ ਪਹਿਲਾ ਮੈਚ 7 ਫਰਵਰੀ ਨੂੰ ਕੋਲਕਾਤਾ ਵਿਖੇ ਵੈਸਟਇੰਡੀਜ਼ ਖਿਲਾਫ ਖੇਡੇਗਾ। ਬੰਗਲਾਦੇਸ਼ ਦੀ ਇਸ ਫਜੀਹਤ ਤੋਂ ਬਾਅਦ ਹੁਣ ਉੱਥੇ ਅਧਿਕਾਰੀਆਂ 'ਤੇ ਗਾਜ ਡਿੱਗਣੀ ਸ਼ੁਰੂ ਹੋ ਗਈ ਹੈ, ਜਿਸ ਦੀ ਪਹਿਲੀ ਕੜੀ ਵਜੋਂ ਇਸ਼ਤਿਆਕ ਸਾਦੇਕ ਦਾ ਅਸਤੀਫ਼ਾ ਦੇਖਿਆ ਜਾ ਰਿਹਾ ਹੈ।
 


author

Inder Prajapati

Content Editor

Related News