ਓਲੰਪਿਕ ਖੇਡਾਂ ’ਚ ਲਗਾਤਾਰ 2 ਤਮਗੇ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਖਿਡਾਰਣ ਬਣੀ P. V. ਸਿੰਧੂ
Monday, Aug 02, 2021 - 01:20 PM (IST)
ਟੋਕੀਓ– ਪਿਛਲੀਆਂ ਰੀਓ ਓਲੰਪਿਕ ਖੇਡਾਂ ਦੀ ਚਾਂਦੀ ਤਮਗਾ ਜੇਤੂ ਤੇ ਮੌਜੂਦਾ ਵਿਸ਼ਵ ਚੈਂਪੀਅਨ ਭਾਰਤ ਦੀ ਪੀ. ਵੀ. ਸਿੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚੀਨ ਦੀ ਹੀ ਬਿੰਗ ਜਿਆਓ ਨੂੰ ਐਤਵਾਰ ਨੂੰ 21-13, 21-15 ਨਾਲ ਹਰਾ ਕੇ ਬੈਡਮਿੰਟਨ ਸਿੰਗਲਜ਼ ਪ੍ਰਤੀਯੋਗਿਤਾ ਵਿਚ ਕਾਂਸੀ ਤਮਗਾ ਜਿੱਤ ਲਿਆ ਤੇ ਇਸਦੇ ਨਾਲ ਹੀ ਉਸ ਨੇ ਭਾਰਤ ਨੂੰ ਇਨ੍ਹਾਂ ਟੋਕੀਓ ਓਲੰਪਿਕ ਖੇਡਾਂ ਵਿਚ ਦੂਜਾ ਤਮਗਾ ਦਿਵਾ ਦਿੱਤਾ। ਸਿੰਧੂ ਇਸ ਦੇ ਨਾਲ ਹੀ ਓਲੰਪਿਕ ਵਿਚ ਲਗਾਤਾਰ ਦੋ ਤਮਗਾ ਜਿੱਤਣ ਵਾਲੀ ਦੇਸ਼ ਦੀ ਦੂਜੀ ਖਿਡਾਰੀ ਬਣ ਗਈ ਹੈ ਤੇ ਇਹ ਉਪਲਬੱਧੀ ਹਾਸਲ ਕਰਨ ਵਾਲੀ ਉਹ ਦੇਸ਼ ਦੀ ਪਹਿਲੀ ਮਹਿਲਾ ਖਿਡਾਰਣ ਬਣ ਗਈ ਹੈ। ਇਸ ਤੋਂ ਪਹਿਲਾਂ ਇਹ ਉਪਲਬੱਧੀ ਪਹਿਲਵਾਨ ਸੁਸ਼ੀਲ ਕੁਮਾਰ ਦੇ ਨਾਂ ਸੀ।
ਸਿੰਧੂ ਨੇ 2016 ਵਿਚ ਚਾਂਦੀ ਤਮਗਾ ਜਿੱਤਿਆ ਸੀ ਤੇ ਇਸ ਟੋਕੀਓ ਓਲੰਪਿਕ ਵਿਚ ਕਾਂਸੀ ਤਮਗਾ ਜਿੱਤਿਆ। ਵੇਟਲਿਫਟਰ ਮੀਰਾਬਾਈ ਚਾਨੂ ਨੇ ਇਨ੍ਹਾਂ ਖੇਡਾਂ ਵਿਚ ਸਭ ਤੋਂ ਪਹਿਲਾਂ ਚਾਂਦੀ ਤਮਗਾ ਜਿੱਤਿਆ ਜਦਕਿ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਸੈਮੀਫਾਈਨਲ ਵਿਚ ਪਹੁੰਚ ਕੇ ਭਾਰਤ ਲਈ ਘੱਟ ਤੋਂ ਘੱਟ ਕਾਂਸੀ ਤਮਗਾ ਪੱਕਾ ਕਰ ਦਿੱਤਾ। ਭਾਰਤ ਆਪਣੇ ਇਸ ਤੀਜੇ ਤਮਗੇ ਦੇ ਨਾਲ ਰੀਓ ਓਲੰਪਿਕ ਵਿਚ ਜਿੱਤੇ ਦੋ ਤਮਗਿਆਂ ਤੋਂ ਅੱਗੇ ਨਿਕਲ ਗਿਆ ਹੈ। ਸਿੰਧੂ ਪਿਛਲੀਆਂ ਰੀਓ ਓਲੰਪਿਕ ਦੇ ਫਾਈਨਲ ਵਿਚ ਸਪੇਨ ਦੀ ਕੈਰੋਲਿਨਾ ਮਾਰਿਨ ਹੱਥੋਂ ਹਾਰ ਗਈ ਸੀ। ਇਸ ਵਾਰ ਵੀ ਉਸ ਨੂੰ ਸੈਮੀਫਾਈਨਲ ਵਿਚ ਚੀਨੀ ਤਾਈਪੇ ਦੀ ਤਾਈ ਜੇ ਯਿੰਗ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਕਾਂਸੀ ਤਮਗੇ ਦੇ ਮੁਕਾਬਲੇ ਵਿਚ ਉਸਨੇ ਚੀਨ ਦੀ ਬਿੰਗ ਜਿਆਓ ਨੂੰ ਲਗਾਤਾਰ ਸੈੱਟਾਂ ਵਿਚ ਹਰਾ ਦਿੱਤਾ। ਭਾਰਤੀ ਖਿਡਾਰਣ ਨੇ ਮੈਚ ’ਤੇ ਆਪਣਾ ਕੰਟਰੋਲ ਲਗਾਤਾਰ ਬਣਾਈ ਰੱਖਿਆ ਤੇ ਬੜ੍ਹਤ ਨੂੰ ਆਪਣੇ ਹੱਥੋਂ ਫਿਸਲਣ ਨਹੀਂ ਦਿੱਤਾ।
ਇਹ ਵੀ ਪੜ੍ਹੋ: ਡਿਪ੍ਰੈਸ਼ਨ ਦੇ ਬਾਵਜੂਦ ਟੋਕੀਓ ’ਚ ਚਮਕੀ ਕਮਲਪ੍ਰੀਤ, ਕਿਸਾਨ ਪਰਿਵਾਰ ਨਾਲ ਰੱਖਦੀ ਹੈ ਸਬੰਧ
ਓਵਰਆਲ ਓਲੰਪਿਕ ਬੈਡਮਿੰਟਨ ’ਚ ਭਾਰਤ ਦਾ ਤੀਜਾ ਤਮਗਾ
- ਸਾਇਨਾ ਨੇਹਵਾਲ : ਕਾਂਸੀ ਤਮਗਾ (ਲੰਡਨ ਓਲੰਪਿਕ-2012 )
- ਪੀ. ਵੀ ਸਿੰਧੂ : ਚਾਂਦੀ ਤਮਗਾ (ਰੀਓ ਓਲੰਪਿਕ-2016)
- ਪੀ. ਵੀ. ਸਿੰਧੂ : ਕਾਂਸੀ ਤਮਗਾ (ਟੋਕੀਓ ਓਲੰਪਿਕ-2020)
ਸਿੰਧੂ ਦਾ ਕਾਂਸੀ ਤਮਗੇ ਦਾ ਸਫ਼ਰ
- ਪਹਿਲਾ ਮੈਚ : ਇਜ਼ਰਾਈਲ ਦੀ ਸੇਨੀਆ ਪੋਲਿਕਰਪੇਵਾ ਨੂੰ 21-7, 21-10 ਨਾਲ ਹਰਾਇਆ
- ਦੂਜਾ ਮੈਚ : ਹਾਂਗਕਾਂਗ ਦੀ ਗਨ ਯੀ ਚਿਯੁੰਗ ਨੂੰ 21-9, 21-16 ਨਾਲ ਹਰਾਇਆ
- ਪ੍ਰੀ-ਕੁਆਟਰ ਫਾਈਨਲ : ਡੈੱਨਮਾਰਕ ਦੀ ਮਿਆ ਬਿਲਚਫੇਲਟ ਨੂੰ 21-15, 21-13 ਨਾਲ ਹਰਾਇਆ
- ਕੁਆਰਟਰ ਫਾਈਨਲ : ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ 21-13, 22-20 ਨਾਲ ਹਰਾਇਆ
- ਸੈਮੀਫਾਈਨਲ : ਚੀਨੀ ਤਾਈਪੇ ਦੀ ਤਾਇਜੂ ਯਿੰਗ ਹੱਥੋਂ 21-18, 21-12 ਨਾਲ ਹਾਰੀ
ਸੁਸ਼ੀਲ ਕੁਮਾਰ ਦੀ ਕੀਤੀ ਬਰਾਬਰੀ - ਸਿੰਧੂ ਨੇ 2016 ਰੀਓ ਓਲੰਪਿਕ ’ਚ ਚਾਂਦੀ ਤਮਗਾ ਜਿੱਤਿਆ ਸੀ ਤੇ ਹੁਣ ਟੋਕੀਓ ’ਚ ਕਾਂਸੀ ਤਮਗਾ। ਪਹਿਲਵਾਨ ਸੁਸ਼ੀਲ ਕੁਮਾਰ ਨੇ 2008 ਬੀਜਿੰਗ ਓਲੰਪਿਕ ’ਚ ਕਾਂਸੀ ਤੇ 2012 ਲੰਡਨ ਓਲੰਪਿਕ ਵਿਚ ਚਾਂਦੀ ਤਮਗਾ ਜਿੱਤਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।